ਨਿਰਭਿਆ ਕੇਸ : ਜੱਜ ਨੇ ਟਾਲੀ ਸੁਣਵਾਈ ਤਾਂ ਰੋਣ ਲੱਗੇ ਨਿਰਭਿਆ ਦੇ ਮਾਤਾ-ਪਿਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

16 ਦਸੰਬਰ 2012 ਨੂੰ ਨਿਰਭਿਆ ਨਾਲ ਵਾਪਰੀ ਸੀ ਦਰਦਨਾਕ ਘਟਨਾ

Photo

ਨਵੀਂ ਦਿੱਲੀ : ਨਿਰਭਿਆ ਮਾਮਲੇ ਵਿਚ ਪਟਿਆਲਾ ਹਾਊਸ ਕੋਰਟ ਵੱਲੋਂ 7 ਜਨਵਰੀ ਤੱਕ ਪਟੀਸ਼ਨ ਸਮੇਤ ਕਈ ਅਧਿਕਾਰਾਂ ਦੀ ਵਰਤੋਂ ਕਰਨ ਦੇ ਲਈ ਦੋਸ਼ੀਆਂ ਨੂੰ ਸਮਾਂ ਦਿੱਤੇ ਜਾਣ 'ਤੇ ਨਿਰਭਿਆ ਦੀ ਮਾਂ ਕੋਰਟ ਰੂਮ ਵਿਚ ਰੋਣ ਲੱਗ ਪਈ। ਜੱਜ ਦੇ ਸਾਹਮਣੇ ਰੋਂਦੇ ਹੋਏ ਉਨ੍ਹਾਂ ਨੇ ਕਿਹਾ ''ਮੈ ਇਕ ਸਾਲ ਤੋਂ ਭਟਕ ਰਹੀ ਹਾਂ''। ਇਸ 'ਤੇ ਜੱਜ ਨੇ ਸਮਝਾਇਆ ਕਿ ਦੋਸ਼ੀਆਂ ਦੇ ਅਧਿਕਾਰਾਂ ਦੇ ਅਧੀਨ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ ਹੈ। ਜੱਜ ਨੇ ਕਿਹਾ ਕਿ ''ਸਾਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਹੈ ਪਰ ਅਸੀ ਕਾਨੂੰਨ ਨਾਲ ਬੰਨੇ ਹੋਏ ਹਾਂ''।

ਇਸ ਦੌਰਾਨ ਨਿਰਭਿਆ ਦੇ ਪਿਤਾ ਵੀ ਅਦਾਲਤ ਵਿਚ ਸਨ ਅਤੇ ਉਨ੍ਹਾਂ ਦੀ ਅੱਖਾਂ ਵਿਚੋਂ ਵੀ ਹੰਝੂ ਆ ਗਏ। ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਸਾਨੂੰ ਅਪਰਾਧੀਆਂ ਦੇ ਅਧਿਕਾਰਾਂ ਦੇ ਬਾਰੇ ਵਿਚ ਦੱਸਿਆ ਗਿਆ ਪਰ ਸਾਡੇ ਅਧਿਕਾਰਾਂ ਦਾ ਕੀ ਹੋਇਆ? ਉਨ੍ਹਾਂ ਕਿਹਾ ਕਿ ''ਜੇਕਰ ਅਦਾਲਤ ਵਿਚ ਕਰਨਾਟਕਾ,ਯਾਕੂਬ ਦੀ ਸਜ਼ਾ 'ਤੇ ਤਤਕਾਲ ਦੇਰ ਰਾਤ ਸੁਣਵਾਈ ਹੋ ਸਕਦੀ ਹੈ ਤਾਂ ਮੈ ਇਹ ਸਮਝਣ ਵਿਚ ਅਸਫਲ ਹਾਂ ਕਿ ਇਸ ਤੇ ਕਿਉਂ ਨਹੀਂ''।

ਦੱਸ ਦਈਏ ਕਿ ਅੱਜ ਬੁੱਧਵਾਰ ਨੂੰ ਨਿਰਭਿਆ ਦੇ ਦੋਸ਼ੀ ਅਕਸ਼ੇ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ਼ ਕਰ ਦਿੱਤਾ। ਦਿੱਲੀ ਦੀ ਅਦਾਲਤ ਨੂੰ ਨਿਰਭਿਆ ਮਾਮਲੇ ਦੇ ਚਾਰ ਦੋਸ਼ੀਆਂ ਵਿਚੋਂ ਇਕ ਦੀ ਨਜ਼ਰਸਾਨੀ ਪਟੀਸ਼ਨ ਖਾਰਜ਼ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਸੂਚਿਤ ਕੀਤਾ ਗਿਆ ਇਸ ਤੋਂ ਬਾਅਦ ਪਟਿਆਲਾ ਹਾਊਸ ਕੋਰਟ ਨੇ ਸਾਰੇ ਦੋਸ਼ੀਆਂ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਸੁਣਵਾਈ ਦੌਰਾਨ ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਿਰਭਿਆ ਮਾਮਲੇ ਵਿਚ ਦੋਸ਼ੀਆਂ ਤੋਂ ਪੁੱਛੇ ਕਿ ਕੀ ਉਹ ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਕਰ ਰਹੇ ਹਨ?

ਦੱਸ ਦਈਏ ਕਿ ਦਿੱਲੀ ਵਿਚ ਸੱਤ ਸਾਲ ਪਹਿਲਾਂ 16 ਦਸੰਬਰ 2012 ਦੀ ਰਾਤ ਨੂੰ ਇਕ ਨਾਬਾਲਿਗ ਸਮੇਤ ਛੇ ਲੋਕਾਂ ਨੇ ਇਕ ਚੱਲਦੀ ਬੱਸ ਵਿਚ 23 ਸਾਲਾਂ ਨਿਰਭਿਆ ਦਾ ਸਾਮੂਹਿਕ ਬਲਾਤਕਾਰ ਕੀਤਾ ਸੀ ਅਤੇ ਉਸ ਨੂੰ ਬੱਸ ਤੋਂ ਬਾਹਰ ਸੜਕ ਦੇ ਕਿਨਾਰੇ ਫੇਕ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਅੰਦੋਲਨ ਹੋਏ ਸਨ।