ਕਾਰੋਬਾਰ ਸੌਖ 'ਚ ਭਾਰਤ ਨੂੰ ਅਗਲੇ ਸਾਲ 'ਸਿਖਰਲੇ 50' ਵਿਚ ਪਹੁੰਚਾਵਾਂਗੇ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਕਾਰੋਬਾਰ ਸੌਖ ਦੇ ਮਾਮਲੇ ਵਿਚ ਅਗਲੇ ਸਾਲ ਤਕ ਸਿਖਰਲੇ 50 ਦੇਸ਼ਾਂ ਵਿਚ ਸ਼ਾਮਲ ਹੋਣ ਦਾ ਟੀਚਾ ਲੈ ਕੇ ਅੱਗੇ....
ਗਾਂਧੀਨਗਰ, 19 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਕਾਰੋਬਾਰ ਸੌਖ ਦੇ ਮਾਮਲੇ ਵਿਚ ਅਗਲੇ ਸਾਲ ਤਕ ਸਿਖਰਲੇ 50 ਦੇਸ਼ਾਂ ਵਿਚ ਸ਼ਾਮਲ ਹੋਣ ਦਾ ਟੀਚਾ ਲੈ ਕੇ ਅੱਗੇ ਵਧ ਰਿਹਾ ਹੈ। ਵਿਸ਼ਵ ਬੈਂਕ ਦੀ ਕਾਰੋਬਾਰ ਸੌਖ ਰੈਂਕਿੰਗ ਦੀ ਨਵੀਂ ਰੀਪੋਰਟ ਵਿਚ ਭਾਰਤ ਨੇ 75 ਥਾਵਾਂ ਦੀ ਛਾਲ ਮਾਰਦਿਆਂ 77ਵਾਂ ਸਥਾਨ ਹਾਸਲ ਕੀਤਾ ਹੈ।
ਗੁਜਰਾਤ ਸਿਖਰ ਸੰਮੇਲਨ ਦੇ ਨੌਵੇਂ ਸੰਸਕਰਨ ਦੇ ਉਦਘਾਟਨ ਇਜਲਾਸ ਨੂੰ ਸੰਬੋਧਤ ਕਰਦਿਆਂ ਮੋਦੀ ਨੇ ਕਿਹਾ, 'ਮੈਂ ਅਪਣੀ ਟੀਮ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ ਹੈ ਤਾਕਿ ਦੇਸ਼ ਨੂੰ ਅਗਲੇ ਸਾਲ ਕਾਰੋਬਾਰ ਸੌਖ ਦੇ ਮਾਮਲੇ ਵਿਚ ਸਿਖਰਲੇ 50 ਦੇਸ਼ਾਂ ਦੀ ਸੂਚੀ ਵਿਚ ਸਥਾਨ ਦਿਵਾਇਆ ਜਾ ਸਕੇ।' ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਉਨ੍ਹਾਂ ਅੜਿੱਕਿਆਂ ਨੂੰ ਹਟਾਉਣ ਵਲ ਹੈ ਜਿਹੜੇ ਦੇਸ਼ ਨੂੰ ਉਸ ਦੀਆਂ ਸਮਰੱਥਾਵਾਂ ਦੇ ਹਿਸਾਬ ਨਾਲ ਪ੍ਰਦਰਸ਼ਨ ਕਰਨ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੁਧਾਰਾਂ ਤੇ ਨਿਯਮਾਂ ਨੂੰ ਸਰਲ ਬਣਾਉਣ ਦੀ ਕਵਾਇਦ ਜਾਰੀ ਰਖਣਗੇ।
ਮੋਦੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਦੇਸ਼ ਵਿਚ ਔਸਤ ਸਾਲਾਨਾ ਜੀਡੀਪੀ ਵਾਧਾ 7.3 ਫ਼ੀ ਸਦੀ ਰਹੀ ਹੈ ਜੋ 1991 ਮਗਰੋਂ ਸੱਭ ਤੋਂ ਜ਼ਿਆਦਾ ਹੈ। (ਏਜੰਸੀ) ਜ਼ਿਕਰਯੋਗ ਹੈ ਕਿ ਗੁਜਰਾਤ ਸਿਖਰ ਸੰਮੇਲਨ ਬਾਰੇ ਮੋਦੀ ਨੇ 2003 ਵਿਚ ਸੋਚਿਆ ਸੀ। ਉਸ ਸਮੇਂ ਉਹ ਰਾਜ ਦੇ ਮੁੱਖ ਮੰਤਰੀ ਸਨ। ਇਸ ਪਿੱਛੇ ਉਨ੍ਹਾਂ ਦਾ ਟੀਚਾ ਰਾਜ ਨੂੰ ਦੇਸ਼ ਦਾ ਪ੍ਰਮੁੱਖ ਨਿਵੇਸ਼ ਸਥਾਨ ਬਣਾਉਣਾ ਸੀ। (ਏਜੰਸੀ)