ਮੋਦੀ ਨੇ ਹਰ ਜਹਾਜ਼ 'ਤੇ ਦਸਾਲਟ ਨੂੰ ਦਿਤਾ 186 ਕਰੋੜ ਦਾ ਤੋਹਫ਼ਾ : ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਾਫ਼ੇਲ ਜਹਾਜ਼ ਸੌਦੇ 'ਚ ਦੇਸ਼ਹਿਤ ਦੇ ਨਾਲ ਸਮਝੌਤਾ ਕਰਨ ਦਾ ਇਲਜ਼ਾਮ ਲਗਾਇਆ। ਕਾਂਗਰਸ ਨੇ ਕਿਹਾ...

P. Chidambaram and Narendra Modi

ਨਵੀਂ ਦਿੱਲੀ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਾਫ਼ੇਲ ਜਹਾਜ਼ ਸੌਦੇ 'ਚ ਦੇਸ਼ਹਿਤ ਦੇ ਨਾਲ ਸਮਝੌਤਾ ਕਰਨ ਦਾ ਇਲਜ਼ਾਮ ਲਗਾਇਆ। ਕਾਂਗਰਸ ਨੇ ਕਿਹਾ ਕਿ ਸੌਦੇ ਵਿਚ ਭਾਰਤੀ ਹਵਾਈ ਫੌਜ (ਆਈਏਐਫ਼) ਉਨ੍ਹਾਂ ਦੀ ਜ਼ਰੂਰਤ ਦੇ 90 ਜਹਾਜ਼ ਤੋਂ ਵਾਂਝੇ ਕਰ ਕੇ ਸਰਕਾਰੀ ਖਜ਼ਾਨੇ ਨਾਲ ਦਸਾਲਟ ਨੂੰ ਹਰ ਜਹਾਜ਼ 'ਤੇ 186 ਕਰੋੜ ਰੁਪਏ ਦਾ ਤੋਹਫ਼ਾ ਦਿਤਾ ਗਿਆ। ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਮੀਡੀਆ ਦੀ ਇਕ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 2015 ਵਿਚ ਦਿਤੇ ਗਏ 36 ਜੈਟ ਲੜਾਕੂ ਜਹਾਜ਼ ਦੇ ਆਰਡਰ 'ਚ ਪ੍ਰਤੀ ਜਹਾਜ਼ 41 ਫ਼ੀ ਸਦੀ ਜ਼ਿਆਦਾ ਕੀਮਤ 'ਤੇ ਸੌਦੇ ਕੀਤੇ ਗਏ।

ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਯੂਪੀਏ ਸਰਕਾਰ ਦੇ ਦੌਰਾਨ ਦੇ ਸੌਦੇ ਨੂੰ ਰੱਦ ਕਰ ਕੇ ਜਦੋਂ 2015 ਵਿਚ ਨਵੇਂ ਸੌਦੇ ਦਾ ਐਲਾਨ ਕੀਤਾ ਉਦੋਂ ਤੋਂ ਇਕ ਸਵਾਲ ਬਣਿਆ ਹੋਇਆ ਹੈ ਕਿ ਮੋਦੀ ਸਰਕਾਰ ਨੇ ਹਵਾਈ ਫੌਜ ਦੀ 126 ਜਹਾਜ਼ਾਂ ਦੀਆਂ ਜ਼ਰੂਰਤਾਂ ਨੂੰ ਖਾਰਿਜ ਕਰ ਕੇ ਸਿਰਫ਼ 36 ਰਾਫੇਲ ਜਹਾਜ਼ ਖਰੀਦਣ ਦਾ ਫ਼ੈਸਲਾ ਕਿਉਂ ਕੀਤਾ।ਚਿਦੰਬਰਮ ਨੇ ਮੀਡੀਆ ਨੂੰ ਦੱਸਿਆ ਕਿ ਇਸ ਸਵਾਲ ਦਾ ਜਵਾਬ ਕਦੇ ਕਿਸੇ ਨੇ ਨਹੀਂ ਦਿਤਾ, ਚਾਹੇ ਪ੍ਰਧਾਨ ਮੰਤਰੀ ਹੋਣ ਜਾਂ ਰਖਿਆ ਮੰਤਰੀ, ਖ਼ਜ਼ਾਨਾ -ਮੰਤਰੀ ਜਾਂ ਕਾਨੂੰਨ ਮੰਤਰੀ। ਸਾਰਿਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਸਿਰਫ਼ ਸੌਦੇ ਦਾ ਬਚਾਅ ਕੀਤਾ।

ਭਾਰਤੀ ਹਵਾਈ ਫੌਜ ਦੀ ਮੰਗ 'ਤੇ 13 ਇੰਡੀਆ ਸਪੈਸਿਫਿਕ ਐਨਹੈਂਸਮੈਂਟ (ਭਾਰਤ ਕੇਂਦਰਿਤ ਸੁਧਾਰ) ਦਾ ਜ਼ਿਕਰ ਕਰਦੇ ਹੋਏ ਚਿਦੰਬਰਮ ਨੇ ਕਿਹਾ ਕਿ ਸੌਦੇ ਦੀ ਕੀਮਤ 1.3 ਅਰਬ ਯੂਰੋ ਸੀ, ਜਿਸ ਦਾ ਭੁਗਤਾਨ ਯੂਪੀਏ ਅਤੇ ਮੋਦੀ ਦੇ ਸੌਦੇ ਦੋਵਾਂ ਵਿਚ ਕੀਤਾ ਜਾਣਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ 126 ਜਹਾਜ਼ ਖਰੀਦੇ ਜਾਂਦੇ ਤਾਂ ਦਸਾਲਟ ਨੂੰ ਸਾਢੇ ਦਸ ਸਾਲ ਤੋਂ ਵੱਧ ਮਿਆਦ ਵਿਚ 1.4 ਅਰਬ ਯੂਰੋ ਪ੍ਰਾਪਤ ਹੁੰਦੇ ਪਰ ਨਵੇਂ ਸੌਦੇ ਵਿਚ ਸਿਰਫ਼ 36 ਜਹਾਜ਼ ਖਰੀਦੇ ਜਾ ਰਹੇ ਹਨ ਅਤੇ ਇਸ ਦੀ ਪ੍ਰਾਪਤੀ ਸਿਰਫ਼ 36 ਮਹੀਨਿਆਂ ਵਿਚ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਦਸਾਲਟ ਨੂੰ ਦੋ ਤਰਫਾ ਫ਼ਾਇਦਾ ਹੋਇਆ।

ਪਹਿਲਾਂ ਤਾਂ ਪ੍ਰਤੀ ਜਹਾਜ਼ ਕੀਮਤ ਵੱਧ ਗਈ ਅਤੇ ਦੂਜਾ, ਹੁਣ ਸਰਕਾਰ ਫ਼ਿਰ 90 ਜਹਾਜ਼ਾਂ ਦਾ ਆਰਡਰ ਦੇਵੇਗੀ ਤਾਂ ਦਸਾਲਟ ਫਿਰ ਭਾਰਤ ਕੇਂਦਰਿਤ ਸੁਧਾਰ ਦੀ ਕੀਮਤ ਵਸੂਲੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੇ ਨਾਲ ਦੋ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਹੈ। ਪਹਿਲਾ, ਹਵਾਈ ਫੌਜ ਨੂੰ 90 ਜਹਾਜ਼ਾਂ ਤੋਂ ਵਾਂਝੇ ਕੀਤਾ ਜਿਸ ਦੀ ਉਸ ਨੂੰ ਸਖ਼ਤ ਜ਼ਰੂਰਤ ਹੈ ਅਤੇ ਦੂਜਾ ਇਹ ਕਿ ਹਰ ਜਹਾਜ਼ 'ਤੇ 2.5 ਕਰੋੜ ਯੂਰੋ ਯਾਨੀ 186 ਕਰੋੜ ਰੁਪਏ ਜ਼ਿਆਦਾ ਖਰਚ ਕਰ ਸਰਕਾਰੀ ਖਜ਼ਾਨੇ 'ਤੇ ਬੋਝ ਵਧਾਇਆ।