ਆਮ ਵਰਗ ਦੇ ਗ਼ਰੀਬਾਂ ਨੂੰ ਰਾਖਵਾਂਕਰਨ ਮੇਰੀ ਸਰਕਾਰ ਦੀ ਰਾਜਸੀ ਇੱਛਾ ਦਾ ਨਤੀਜਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਮ ਵਰਗ ਦੇ ਗ਼ਰੀਬਾਂ ਨੂੰ ਦਸ ਫ਼ੀ ਸਦੀ ਰਾਖਵਾਂਕਰਨ ਲਈ ਸੰਵਿਧਾਨਕ ਸੋਧ ਕਰਨਾ ਉਨ੍ਹਾਂ ਦੀ ਸਰਕਾਰ ਦੀ ਰਾਜਸੀ ਇੱਛਾ.....

Prime Minister Narendra Modi

ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਮ ਵਰਗ ਦੇ ਗ਼ਰੀਬਾਂ ਨੂੰ ਦਸ ਫ਼ੀ ਸਦੀ ਰਾਖਵਾਂਕਰਨ ਲਈ ਸੰਵਿਧਾਨਕ ਸੋਧ ਕਰਨਾ ਉਨ੍ਹਾਂ ਦੀ ਸਰਕਾਰ ਦੀ ਰਾਜਸੀ ਇੱਛਾ ਸਦਕਾ ਸੰਭਵ ਹੋ ਸਕਿਆ ਹੈ ਅਤੇ ਇਸ ਨੂੰ ਆਗਾਮੀ ਵਿਦਿਅਕ ਵਰ੍ਹੇ ਤੋਂ ਲਾਗੂ ਕੀਤਾ ਜਾਵੇਗਾ। ਡੇਢ ਹਜ਼ਾਰ ਬਿਸਤਰਿਆਂ ਵਾਲੇ ਸਰਦਾਰ ਵੱਲਭਭਾਈ ਪਟੇਲ ਹਸਪਤਾਲ ਦੇ ਉਦਘਾਟਨ ਮਗਰੋਂ ਲੋਕਾਂ ਨੂੰ ਸੰਬੋਧਤ ਕਰਦਿਆਂ ਮੋਦੀ ਨੇ ਕਿਹਾ ਕਿ ਪਹਿਲਾਂ ਤੋਂ ਮੌਜੂਦ ਸਮਾਜਕ ਰਾਖਵਾਂਕਰਨ ਨੂੰ ਪ੍ਰਭਾਵਤ ਕੀਤੇ ਬਿਨਾਂ ਆਰਥਕ ਆਧਾਰ 'ਤੇ ਰਾਖਵਾਂਕਰਨ ਦਿਤਾ ਗਿਆ ਹੈ।

ਉਨ੍ਹਾਂ ਕਿਹਾ, 'ਨਵਾਂ ਰਾਖਵਾਂਕਰਨ ਇਸੇ ਵਿਦਿਅਕ ਵਰ੍ਹੇ ਤੋਂ ਦੇਸ਼ ਦੀਆਂ 900 ਯੂਨੀਵਰਸਿਟੀਆਂ ਦੇ 40 ਹਜ਼ਾਰ ਕਾਲਜਾਂ ਵਿਚ ਲਾਗੂ ਕੀਤਾ ਜਾਵੇਗਾ। ਸੀਟਾਂ ਦਸ ਫ਼ੀ ਸਦੀ ਵਧਾਈਆਂ ਜਾਣਗੀਆਂ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਮੌਕੇ ਦੇਣ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਉਦਘਾਟਨ ਵਾਲੇ ਇਸ ਨਵੇਂ ਸੰਸਥਾਨ ਨੂੰ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੋੜਿਆ ਜਾਵੇਗਾ ਤਾਕਿ ਗ਼ਰੀਬ ਲੋਕ ਮੁਫ਼ਤ ਵਿਚ ਇਲਾਜ ਕਰਾ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਸੌ ਦਿਨਾਂ ਵਿਚ ਸੱਤ ਲੱਖ ਗ਼ਰੀਬਾਂ ਨੇ ਇਲਾਜ ਕਰਾਇਆ ਹੈ। ਇਹ ਪਹਿਲਾ ਸਰਕਾਰੀ ਹਸਪਤਾਲ ਹੈ ਜਿਥੇ ਹੈਲੀਪੈਡ ਹੋਵੇਗਾ। ਨਵੀਂ ਇਲਾਜ ਸਹੂਲਤਾਂ ਨਾਲ ਰਾਜ ਦੇ ਸਿਹਤ ਖੇਤਰ ਨੂੰ ਹੱਲਾਸ਼ੇਰੀ ਮਿਲੇਗੀ।  (ਏਜੰਸੀ)