ਰੁਜ਼ਗਾਰ ਨੂੰ ਲੈ ਕੇ ਮੋਦੀ ਸਰਕਾਰ ਦੇ ਦਾਅਵੇ ਠੁੱਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਵਲੋਂ ਭਾਵੇਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਕਈ ਕਦਮ ਉਠਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਦੇਸ਼ ਦੇ ਸਭ ਤੋਂ ਤਰੱਕੀ ਵਾਲੇ ਰਾਜਾਂ ਵਿਚ ਸ਼ੁਮਾਰ...

Narendra Modi

ਨਵੀਂ ਦਿੱਲੀ : ਮੋਦੀ ਸਰਕਾਰ ਵਲੋਂ ਭਾਵੇਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਕਈ ਕਦਮ ਉਠਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਦੇਸ਼ ਦੇ ਸਭ ਤੋਂ ਤਰੱਕੀ ਵਾਲੇ ਰਾਜਾਂ ਵਿਚ ਸ਼ੁਮਾਰ ਮਹਾਰਾਸ਼ਟਰ ਵਿਚ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਗ੍ਰੈਜੂਏਸ਼ਨ ਕਰਨ ਵਾਲੇ ਨੌਜਵਾਨ ਸਰਕਾਰੀ ਕੰਟੀਨ ਦੇ ਵੇਟਰ ਬਣਨਾ ਚਾਹੁੰਦੇ ਹਨ, ਜਦਕਿ ਇਸ ਅਸਾਮੀ ਲਈ ਸਿੱਖਿਅਕ ਯੋਗਤਾ ਮਹਿਜ਼ ਚੌਥੀ ਪਾਸ ਰੱਖੀ ਗਈ ਹੈ। ਹਾਲ ਹੀ ਵਿਚ ਸੂਬਾਈ ਸਕੱਤਰੇਤ ਵਿਚ ਕੰਟੀਨ ਵੇਟਰ ਦੀਆਂ 13 ਅਸਾਮੀਆਂ ਲਈ ਭਰਤੀ ਕੱਢੀ ਗਈ ਸੀ। ਜਿਸ ਦੇ ਲਈ 7 ਹਜ਼ਾਰ ਲੋਕਾਂ ਨੇ ਅਰਜ਼ੀਆਂ ਦਿਤੀਆਂ ਸਨ।

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਗ੍ਰੈਜੂਏਟ ਸਨ। ਇਕ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਸਰਕਾਰੀ ਕੰਟੀਨ ਵਿਚ ਵੇਟਰ ਅਹੁਦਿਆਂ ਲਈ ਹਾਲ ਹੀ ਵਿਚ 100 ਅੰਕਾਂ ਦੀ ਲਿਖਤੀ ਪ੍ਰੀਖਿਆ ਹੋਈ ਸੀ। ਅਧਿਕਾਰੀ ਨੇ ਦਸਿਆ ਕਿ ਪ੍ਰੀਖਿਆ ਦੀਆਂ ਰਸਮਾਂ 31 ਦਸੰਬਰ ਨੂੰ ਪੂਰੀਆਂ ਹੋਈਆਂ ਅਤੇ ਫਿਲਹਾਲ ਜੁਆਇਨਿੰਗ ਪ੍ਰਕਿਰਿਆ ਚੱਲ ਰਹੀ ਹੈ। ਚੁਣੇ ਗਏ 13 ਉਮੀਦਵਾਰਾਂ ਵਿਚ 8 ਪੁਰਸ਼ ਅਤੇ ਬਾਕੀ ਔਰਤਾਂ ਹਨ। ਜਿਨ੍ਹਾਂ ਵਿਚ 12 ਗ੍ਰੈਜੂਏਟ ਅਤੇ ਇਕ ਬਾਰਵੀਂ ਪਾਸ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਧਨੰਜੇ ਮੁੰਡੇ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਆਖਿਆ ਕਿ ਮਹਿਜ਼ 13 ਅਹੁਦਿਆਂ ਲਈ 7 ਹਜ਼ਾਰ ਅਰਜ਼ੀਆਂ ਦਾ ਆਉਣਾ ਮਹਾਰਾਸ਼ਟਰ ਵਿਚ ਰੁਜ਼ਗਾਰ ਦੀ ਘਟੀਆ ਸਥਿਤੀ ਨੂੰ ਦਰਸਾਉਂਦਾ ਹੈ। ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਪਣੀਆਂ ਰੈਲੀਆਂ ਵਿਚ ਬੇਰੁਜ਼ਗਾਰੀ ਨੂੰ ਵੱਡੇ ਪੱਧਰ 'ਤੇ ਠੱਲ੍ਹ ਪਾਏ ਜਾਣ ਦੇ ਦਾਅਵੇ ਕਰਦੇ ਰਹਿੰਦੇ ਹਨ। ਪਰ ਭਾਜਪਾ ਦੀ ਸਰਕਾਰ ਵਾਲੇ ਮਹਾਰਾਸ਼ਟਰ ਸੂਬੇ ਵਿਚ ਸਾਹਮਣੇ ਆਏ ਇਸ ਮਾਮਲੇ ਨੇ ਮੋਦੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ।