ਵਿਗਿਆਨੀਆਂ ਦਾ ਦਾਅਵਾ, ਗੁਰੁਤਾਕਰਸ਼ਨ ਦਾ ਨਾਮ ਬਦਲ ਕੇ ਰੱਖਿਆ ਜਾਵੇ ਨਰਿੰਦਰ ਮੋਦੀ ਤਰੰਗਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦੇ ਮੁਖੀ ਮਨੋਜ ਕੁਮਾਰ ਚੱਕਰਵਰਤੀ ਨੇ ਕਿਹਾ ਕਿ ਮੈਨੂੰ ਡੂੰਘਾ ਅਫਸੋਸ ਹੈ ਕਿ ਉਹਨਾਂ ਨੇ ਇਹ ਗੱਲਾਂ ਵਿਦਿਆਰਥੀਆਂ ਦੇ ਸਾਹਮਣੇ ਰੱਖੀਆਂ।

Indian Science Congress

ਨਵੀਂ ਦਿੱਲੀ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਆਯੋਜਿਤ ਇੰਡੀਆ ਸਾਇੰਸ ਕਾਂਗਰਸ ਵਿਚ ਇੱਕ ਤੋਂ ਵੱਧ ਕੇ ਇਕ ਅਜ਼ੀਬ ਦਾਅਵੇ ਕੀਤੇ ਗਏ ਹਨ। ਆਂਧਰਾ ਯੂਨੀਵਰਸਿਟੀ ਦੇ ਕੁਲਪਤੀ ਜੀ.ਨਾਗੇਸ਼ਵਰ ਰਾਓ ਨੇ ਦਾਅਵਾ ਕੀਤਾ ਕਿ ਰਾਵਣ ਕੋਲ 24 ਤਰ੍ਹਾਂ ਦੇ ਜਹਾਜ਼ ਸਨ ਅਤੇ ਸ਼੍ਰੀਲੰਕਾਂ ਵਿਚ ਉਹਨਾਂ ਦਿਨਾਂ ਵਿਚ ਹਵਾਈ ਅੱਡੇ ਹੋਇਆ ਕਰਦੇ ਸਨ। ਇੰਨਾ ਹੀ ਨਹੀਂ ਇਸੇ ਸੈਸ਼ਨ ਵਿਚ ਤਾਮਿਲਨਾਡੂ ਦੇ ਇਕ ਵਿਗਿਆਨੀ ਕੇ.ਜੇ.ਕ੍ਰਿਸ਼ਨਨ ਨੇ ਦਾਅਵਾ ਕੀਤਾ ਕਿ ਨਿਊਟਨ ਅਤੇ ਅਲਬਰਟ ਆਈਨਸਟਾਈਨ ਦੀ ਵਿਚਾਰਧਾਰਾ ਪੂਰੀ ਤਰ੍ਹਾਂ ਗਲਤ ਸੀ।

ਉਹਨਾਂ ਨੇ ਦਾਅਵਾ ਕੀਤਾ ਕਿ ਜਲਦ ਹੀ ਗੁਰੁਤਾਕਰਸ਼ਨ ਤਰੰਗਾਂ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਤਰੰਗਾਂ ਰੱਖਿਆ ਜਾਵੇਗਾ। ਜਦਕਿ ਫਿਜ਼ਿਕਸ ਵਿਚ ਗੁਰੁਤਾਕਰਸ਼ਨ ਲੇਸਿੰਗ ਪ੍ਰਭਾਵ ਨੂੰ ਹਰਸ਼ਵਰਧਨ ਪ੍ਰਭਾਵ ਦੇ ਨਾਮ ਨਾਲ ਵੀ ਜਾਣਿਆ ਜਾਵੇਗਾ। ਹਾਲਾਂਕਿ  ਸਾਇੰਸ ਕਾਂਗਰਸ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਨਹੀਂ ਹੈ ਕਿ ਅਜਿਹੇ ਅਜ਼ੀਬ ਦਾਅਵੇ ਕੀਤੇ ਗਏ ਹਨ। ਜਨਵਰੀ 2015 ਵਿਚ ਮੁੰਬਈ ਸੈਸ਼ਨ ਵਿਚ ਕੇਰਲ ਦੇ ਪਾਇਲਟ ਟਰੇਨਿੰਗ ਸਕੂਲ ਮੁਖੀ ਆਨੰਦ ਬੋਡਸ ਨੇ ਦਾਅਵਾ ਕੀਤਾ ਸੀ ਕਿ ਪੁਰਾਤਨ ਸਮੇਂ ਵਿਚ ਭਾਰਤੀਆਂ ਨੇ ਅਜਿਹੇ ਜਹਾਜ਼ ਦੀ ਖੋਜ ਕੀਤੀ ਸੀ ਜੋ ਵੱਖ-ਵੱਖ ਦਿਸ਼ਾਵਾਂ ਵਿਚ ਉਡ ਸਕਦਾ ਸੀ

ਅਤੇ ਵੱਖ-ਵੱਖ ਗ੍ਰਹਿਆਂ ਤੱਕ ਵੀ ਪਹੁੰਚਿਆ ਸੀ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਯੂਨੀਵਰਸਿਟੀ ਦੇ ਕੁਲਪਤੀ ਦੇ ਭਾਸ਼ਣ 'ਤੇ ਹੈਰਾਨੀ ਪ੍ਰਗਟ ਕਰਦੇ  ਹੋਏ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਦੇ ਮੁਖੀ ਮਨੋਜ ਕੁਮਾਰ ਚੱਕਰਵਰਤੀ ਨੇ ਕਿਹਾ ਕਿ ਮੈਨੂੰ ਡੂੰਘਾ ਅਫਸੋਸ ਹੈ ਕਿ ਉਹਨਾਂ ਨੇ ਇਹ ਗੱਲਾਂ ਵਿਦਿਆਰਥੀਆਂ ਦੇ ਸਾਹਮਣੇ ਰੱਖੀਆਂ। ਮੈਨੂੰ ਟੀਮ 'ਤੇ ਨਜ਼ਰ ਰੱਖਣ ਦਾ ਨਿਰਦੇਸ਼ ਦਿਤਾ ਗਿਆ ਸੀ ਕਿ ਕੋਈ ਵੀ ਬੁਲਾਰਾ ਕੋਈ ਵੀ ਗ਼ੈਰ-ਵਿਗਿਆਨੀ ਗੱਲ ਜਾਂ ਦਾਅਵਾ ਨਾ ਕਰੇ।

ਇਕ ਕੁਲਪਤੀ ਦੇ ਪੱਧਰ ਦਾ ਕੋਈ ਆਦਮੀ ਜਦ ਅਜਿਹੀਆਂ ਗੱਲਾਂ ਕਰਦਾ ਹੈ ਤਾਂ ਬਹੁਤ ਹੈਰਾਨੀ ਹੁੰਦੀ ਹੈ। ਹਾਲਾਂਕਿ ਬਿਆਨ 'ਤੇ ਵਿਵਾਦ ਹੋਣ ਤੋਂ ਬਾਅਦ ਵੀ ਕੁਲਪਤੀ ਨਾਗੇਸ਼ਵਰ ਰਾਓ ਅਪਣੇ ਬਿਆਨ 'ਤੇ ਕਾਇਮ ਰਹੇ। ਉਹਨਾਂ ਨੇ ਦੁਬਾਰਾ ਕਿਹਾ ਕਿ ਰਾਮਾਇਣ ਅਤੇ ਮਹਾਭਾਰਤ ਕੋਈ ਮਿਥ ਨਹੀਂ ਹਨ ਸਗੋਂ ਇਤਿਹਾਸ ਵਿਚ ਹਨ। ਅਸੀਂ ਇਹਨਾਂ ਬਾਰੇ ਨਹੀਂ ਜਾਣਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਸ ਦੇ ਪਿੱਛੇ ਕੋਈ ਵਿਗਿਆਨ ਨਹੀਂ ਸੀ।