ਕਸ਼ਮੀਰੀ ਪੰਡਤ 30 ਸਾਲਾਂ ਤੋਂ ਕਰ ਰਹੇ ਹਨ ਇਨਸਾਫ਼ ਦੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਸਾਲ ਜੰਤਰ-ਮੰਤਰ ਉੱਤੇ ਮਨਾਇਆ ਜਾਂਦਾ ਹੈ ‘ਹੋਲੋਕਾਸਟ–ਡੇਅ’ 

File

ਦਿੱਲੀ- 19 ਜਨਵਰੀ, 1990 ਨੂੰ ਲੱਖਾਂ ਕਸ਼ਮੀਰੀ ਪੰਡਤਾਂ ਨੂੰ ਕਸ਼ਮੀਰ ਵਾਦੀ ’ਚੋਂ ਡਰਾ ਕੇ ਜ਼ਬਰਦਸਤੀ ਭਜਾ ਦਿੱਤਾ ਗਿਆ ਸੀ। ਕਈਆਂ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਸਭ ਝੱਲਣ ਦੇ ਬਾਵਜੂਦ ਉਨ੍ਹਾਂ ਕਦੇ ਹਿੰਸਾ ਨਹੀਂ ਕੀਤੀ। ਕੈਂਪਾਂ ’ਚ ਰਹਿ ਕੇ ਸੰਗਠਨ ਬਣਾਏ ਤੇ ਅੱਜ ਵੀ ਹੱਕ ਹਾਸਲ ਕਰਨ ਲਈ ਅਹਿੰਸਾ ਦੇ ਰਾਹ ਉੱਤੇ ਚੱਲਦਿਆਂ ਉਨ੍ਹਾਂ ਦੀ ਜੱਦੋ-ਜਹਿਦ ਜਾਰੀ ਹੈ।

ਦੇਸ਼-ਦੁਨੀਆ ’ਚ ਜਾ ਕੇ ਵਸੇ ਹਿਜਰਤਕਾਰੀ ਕਸ਼ਮੀਰੀ ਪੰਡਤਾਂ ਦੇ ਸੰਗਠਨ ਕਸ਼ਮੀਰ ਵਿੱਚ ਵਾਪਸੀ ਲਈ ਪਿਛਲੇ 30 ਸਾਲਾਂ ਤੋਂ ਅੰਦੋਲਨ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਇਸ ਦਿਸ਼ਾ ਵਿੱਚ ਹਾਂ-ਪੱਖੀ ਕਦਮ ਚੁੱਕਣ ਦੀ ਮੰਗ ਕੀਤੀ ਹੈ। ਕਸ਼ਮੀਰ ਸਮਿਤੀ ਦਿੱਲੀ ਦੇ ਪ੍ਰਧਾਨ ਸਮੀਰ ਚੰਗੂ ਕਹਿੰਦੇ ਹਨ ਕਿ ਸਾਡਾ ਤਾਂ ਸਭ ਕੁਝ ਲੁਟ ਚੁੱਕਾ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਗੁਆਂਢੀਆਂ ਸਭਨਾਂ ਨੂੰ ਦਰਦ ਤਾਂ ਸੀ, ਜ਼ਬਰਦਸਤ ਗੁੱਸਾ ਵੀ ਸੀ।

ਉਨ੍ਹਾਂ ਹਿੰਸਕ ਤੇ ਜਾਬਰ ਲੋਕਾਂ ਵਾਂਗ ਅਸੀਂ ਜਵਾਬ ਨਹੀਂ ਦੇ ਸਕਦੇ ਸਾਂ। ਅਸੀਂ ਕਦੇ ਹਿੰਸਾ ਦਾ ਸਹਾਰਾ ਨਹੀਂ ਲਿਆ। ਸਦਾ ਸੰਵਿਧਾਨਕ ਘੇਰੇ ਅੰਦਰ ਰਹਿ ਕੇ ਹੀ ਗੱਲਬਾਤ ਕੀਤੀ। ਕਸ਼ਮੀਰੀ ਕਮੇਟੀ ਦਿੱਲੀ ਦਾ ਇਤਿਹਾਸ ਕਸ਼ਮੀਰੀ ਸਹਾਇਕ ਸਮਿਤੀ ਵਜੋਂ ਆਜ਼ਾਦੀ ਦੇ ਕੁਝ ਸਾਲ ਬਾਅਦ ਦਾ ਹੈ। ਐੱਮਐੱਨ ਕੌਲ ਤੇ ਹਿਰਦੇਨਾਥ ਕੁੰਜਰੂ ਵੀ ਇਸ ਨਾਲ ਜੁੜੇ ਹੋਏ ਸਨ। ਆੱਲ ਇੰਡੀਆ ਕਸ਼ਮੀਰੀ ਸਮਾਜ ਇਸੇ ਸੰਗਠਨ ’ਚੋਂ ਨਿੱਕਲਿਆ ਹੈ। 

ਸੰਗਠਨ ‘ਕੋਸ਼ੁਰ ਸਮਾਚਾਰ’ ਦੇ ਨਾਂਅ ਦਾ ਇੱਕ ਮਾਸਿਕ ਰਸਾਲਾ ਵੀ ਪ੍ਰਕਾਸ਼ਿਤ ਕਰ ਰਿਹਾ ਹੈ। 19 ਜਨਵਰੀ ਨੂੰ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਵਿਰੁੱਧ ਹਰ ਸਾਲ ਨਵੀਂ ਦਿੱਲੀ ਦੇ ਜੰਤਰ–ਮੰਤਰ ਉੱਤੇ ‘ਹੋਲੋਕਾਸਟ–ਡੇਅ’ ਮਨਾਇਆ ਜਾਂਦਾ ਹੈ। ਦਿੱਲੀ ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਸੈਂਕੜੇ ਕਸ਼ਮੀਰੀ ਪੰਡਤ ਇੱਥੇ ਇਕੱਠੇ ਹੁੰਦੇ ਹਨ ਤੇ ਆਪੋ-ਆਪਣਾ ਦਰਦ ਬਿਆਨ ਕਰਦੇ ਹਨ। 

ਉਹ ਦੁਨੀਆ ਨੂੰ ਦੱਸਦੇ ਹਨ ਕਿ ਆਖ਼ਰ ਉਸ ਰਾਤ ‘ਧਰਤੀ ਦੀ ਜੰਨਤ’ ਅਖਵਾਏ ਜਾਣ ਵਾਲੇ ਕਸ਼ਮੀਰ ’ਚ ਪੰਡਤਾਂ ਉੱਤੇ ਕਿਹੋ ਜਿਹੇ ਜ਼ੁਲਮ ਢਾਹੇ ਗਏ। ਧਾਰਾ-370 ਖ਼ਤਮ ਕੀਤੇ ਜਾਣ ਦੇ ਬਾਅਦ ਤੋਂ ਕਸ਼ਮੀਰੀ ਪੰਡਤਾਂ ਨੂੰ ਵਾਪਸ ਵਾਦੀ ਵਿੱਚ ਵਸਾਉਣ ਦੀ ਯੋਜਨਾ ਕੇਂਦਰ ਸਰਕਾਰ ਦੇ ਏਜੰਡੇ ’ਤੇ ਹੈ ਪਰ ਸਰਕਾਰ ਇਸ ਲਈ ਉੱਥੇ ਕਾਨੂੰਨ ਤੇ ਵਿਵਸਥਾ ਦੀ ਹਾਲਤ ਸੁਖਾਵੀਂ ਹੋਣ ਦੀ ਉਡੀਕ ਕਰ ਰਹੀ ਹੈ। ਦੇਸ਼-ਵਿਦੇਸ਼ ’ਚ ਵੀ ਕਸ਼ਮੀਰੀ ਪੰਡਤਾਂ ਦੇ ਰੋਸ ਮੁਜ਼ਾਹਰੇ ਅਕਸਰ ਹੁੰਦੇ ਰਹਿੰਦੇ ਹਨ।