ਯਾਤਰੀ ਵਾਹਨਾਂ ਦੇ ਨਿਰਯਾਤ 'ਚ ਆਇਆ ਉਛਾਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਪ੍ਰੈਲ-ਦਸੰਬਰ 'ਚ 6 ਫ਼ੀ ਸਦੀ ਤਕ ਹੋਇਆ ਵਾਧਾ

file photo

ਨਵੀਂ ਦਿੱਲੀ : ਦੇਸ਼ ਵਿਚੋਂ ਯਾਤਰੀ ਵਾਹਨਾਂ ਦੇ ਨਿਰਯਾਤ ਵਿਚ ਵਾਧਾ ਹੋਇਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਯਾਤਰੀ ਵਾਹਨਾਂ ਦਾ ਨਿਰਯਾਤ ਚਾਲੂ ਵਿੱਤੀ ਸਾਲ ਦੇ ਪਹਿਲੇ ਨੌ ਮਹੀਨੇ (ਅਪ੍ਰੈਲ-ਦਸੰਬਰ) ਦੇ ਦੌਰਾਨ 5.89 ਫ਼ੀ ਸਦੀ ਵਧ ਕੇ 5,40,384 ਇਕਾਈ 'ਤੇ ਪਹੁੰਚ ਗਿਆ ਹੈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਇਸ ਸਮੇਂ 'ਚ ਹੁੰਡਈ ਮੋਟਰ ਨੇ ਸਭ ਤੋਂ ਜ਼ਿਆਦਾ 1.45 ਲੱਖ ਯਾਤਰੀ ਵਾਹਨਾਂ ਦਾ ਨਿਰਯਾਤ ਕੀਤਾ ਹੈ।

ਸਿਆਮ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੇ ਪਹਿਲੇ ਨੌ ਮਹੀਨੇ 'ਚ ਯਾਤਰੀ ਵਾਹਨਾਂ ਦਾ ਨਿਰਯਾਤ 5,40,384 ਇਕਾਈ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ 5,10,305 ਇਕਾਈ ਰਿਹਾ ਸੀ। ਇਸ ਦੌਰਾਨ ਕਾਰਾਂ ਦਾ ਨਿਰਯਾਤ 4.44 ਫ਼ੀ ਸਦੀ ਵਧ ਕੇ 4,04,552 ਇਕਾਈ 'ਤੇ ਪਹੁੰਚ ਗਿਆ।


ਉੱਧਰ ਯੂਟੀਲਿਟੀ ਵਾਹਨਾਂ ਦਾ ਨਿਰਯਾਤ 11.14 ਫ਼ੀ ਸਦੀ ਦੇ ਵਾਧੇ ਨਾਲ 1,33,511 ਇਕਾਈ ਰਿਹਾ। ਉੱਧਰ ਵੈਨ ਦਾ ਨਿਰਯਾਤ 17.4 ਫ਼ੀ ਸਦੀ ਘੱਟ ਕੇ 2,810 ਇਕਾਈ ਤੋਂ 2,321 ਇਕਾਈ 'ਤੇ ਆ ਗਿਆ ਹੈ। ਦਖਣੀ ਕੋਰੀਆ ਦੀ ਕੰਪਨੀ ਨੇ ਸਮੀਖਿਆਧੀਨ ਸਮੇਂ 'ਚ 1,44,982 ਯਾਤਰੀ ਵਾਹਨਾਂ ਦਾ ਨਿਰਯਾਤ ਕੀਤਾ। ਇਹ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ 15.17 ਫ਼ੀ ਸਦੀ ਜ਼ਿਆਦਾ ਹੈ। ਕੰਪਨੀ ਅਫ਼ਰੀਕਾ, ਪੱਛਮੀ ਏਸ਼ੀਆ, ਲਾਤਿਨੀ ਅਮਰੀਕਾ, ਆਸਟ੍ਰੇਲੀਆ ਅਤੇ ਏਸ਼ੀਆ ਪ੍ਰਸ਼ਾਂਤ ਦੇ 90 ਦੇਸ਼ਾਂ ਨੂੰ ਨਿਰਯਾਤ ਕਰਦੀ ਹੈ।

ਹੁੰਡਈ ਮੋਟਰ ਇੰਡੀਆ ਦੇ ਪ੍ਰਬੰਧ ਨਿਰਦੇਸ਼ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ.ਐੱਸ.ਕਿਮ ਨੇ ਕਿਹਾ ਕਿ ਕੁੱਲ 1,44,982 ਇਕਾਈਆਂ ਦੇ ਨਿਰਯਾਤ ਅਤੇ 26.8 ਫ਼ੀ ਸਦੀ ਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਹੁੰਡਈ ਨੇ ਇਕ ਵਾਰ ਫਿਰ ਨਿਰਯਾਤ ਬਾਜ਼ਾਰ 'ਚ ਅਪਣਾ ਟਾਪ ਦਾ ਸਥਾਨ ਕਾਇਮ ਰਖਿਆ ਹੈ। ਅਪਣੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬ੍ਰਾਂਡਾਂ ਦੇ ਰਾਹੀਂ ਨਿਰਯਾਤ ਬਾਜ਼ਾਰ 'ਚ ਕੰਪਨੀ ਦਾ ਦਬਦਬਾ ਬਣਿਆ ਹੋਇਆ ਹੈ। ਅਪ੍ਰੈਲ-ਦਸੰਬਰ ਦੀ ਮਿਆਦ 'ਚ ਫੋਰਡ ਇੰਡੀਆ ਦਾ ਨਿਰਯਾਤ 12.57 ਫ਼ੀ ਸਦੀ ਘੱਟ ਕੇ 1,06,084 ਇਕਾਈ ਰਹਿ ਗਿਆ।

ਉੱਧਰ ਘਰੇਲੂ ਕਾਰ ਬਾਜ਼ਾਰ ਦੀ ਅਗਲੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦਾ ਨਿਰਯਾਤ 1.7 ਫ਼ੀ ਸਦੀ ਘੱਟ ਕੇ 75,948 ਇਕਾਈ ਰਹਿ ਗਿਆ। ਉੱਧਰ ਸਮੀਖਿਆਧੀਨ ਮਿਆਦ 'ਚ ਨਿਸਾਨ ਮੋਟਰ ਇੰਡੀਆ ਦਾ ਨਿਰਯਾਤ 39.97 ਫ਼ੀ ਸਦੀ ਵਧ ਕੇ 60,739 ਇਕਾਈ 'ਤੇ ਪਹੁੰਚ ਗਿਆ। ਜਨਰਲ ਮੋਟਰਜ਼ ਦਾ ਨਿਰਯਾਤ 54,863 ਇਕਾਈ ਰਿਹਾ। ਜਨਰਲ ਮੋਟਰਜ਼ ਨੇ ਘਰੇਲੂ ਬਾਜ਼ਾਰ ਵਿਚ ਵਾਹਨਾਂ ਦੀ ਵਿਕਰੀ ਬੰਦ ਕਰ ਦਿਤੀ ਹੈ।