ਬਾਦਲਾਂ ਨੂੰ ਵੱਡਾ ਝਟਕਾ, ਬਾਦਲ ਪਰਿਵਾਰ ਖਿਲਾਫ਼ ਹੋਇਆ ਟਕਸਾਲੀ-ਅਕਾਲੀ ਇਕੱਠ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਬਾਦਲ ਵਿਰੋਧੀਆਂ ਨੇ ਇਕਮੁੱਠ ਹੋ ਕੇ, ਅਕਾਲ ਤਖ਼ਤ ਸਣੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਅਕਾਲੀ ਦਲ ਨੂੰ ਬਾਦਲ ਪਰਵਾਰ ਦੇ ਪੰਜੇ 'ਚੋਂ ਆਜ਼ਾਦ ਕਰਵਾਉਣ ਦਾ ਹੋਕਾ

Photo

ਸ਼ਾਹੀਨ ਬਾਗ਼ ਦੀਆਂ ਮੁਸਲਮਾਨ ਔਰਤਾਂ ਵਾਂਗ ਆਪਣੇ ਹੱਕਾਂ ਲਈ ਇਕੱਮੁਠ ਹੋਵਾਂਗੇ: ਸਰਨਾ 

ਨਵੀਂ ਦਿੱਲੀ: (ਅਮਨਦੀਪ ਸਿੰਘ): ਦਿੱਲੀ ਤੇ ਪੰਜਾਬ ਦੇ ਬਾਦਲਾਂ ਤੋਂ ਬਾਗ਼ੀ ਟਕਸਾਲੀ ਅਕਾਲੀਆਂ ਨੇ ਦਿੱਲੀ 'ਚ 'ਸਫ਼ਰ ਏ ਅਕਾਲੀ ਲਹਿਰ'  ਸਮਾਗਮ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਮਨਾਉਂਦੇ ਹੋਏ ਆਪਣੀ ਇਕਮੁੱਠਤਾ ਦਾ ਪ੍ਰਗਟਾਵਾ ਕਰ ਕੇ,  ਦੇਸ਼ ਵਿਦੇਸ਼ ਦੇ ਸਿੰਖਾਂ ਨੂੰ ਸ਼੍ਰੋਮਣੀ ਅਕਾਲੀ ਦਲ, ਅਕਾਲ ਤਖ਼ਤ ਸਾਹਿਬ,  ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਬਾਦਲ ਪਰਵਾਰ ਦੇ ਪੰਜੇ ਚੋਂ ਆਜ਼ਾਦ ਕਰਵਾ ਕੇ ਪੰਥ ਦਾ ਉਜੱਲਾ ਭਵਿੱਖ ਬਨਾਉਣ ਦਾ ਸੱਦਾ ਦਿਤਾ। ਮੌਕੇ 'ਤੇ ਦਿੱਲੀ ਦੇ ਪੁਰਾਣੇ ਅਕਾਲੀ ਪਰਵਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ।

ਭਾਵੇਂ ਕਿ ਇਸ ਸਮਾਗਮ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਬਾਦਲ ਵਿਰੋਧੀਆਂ ਦੀ ਤਾਕਤ ਵਜੋਂ ਵੇਖਿਆ ਜਾ ਰਿਹਾ ਹੈ, ਪਰ ਤਕਰੀਬਨ ਪੌਣੇ ਤਿੰਨ ਘੰਟੇ ਚਲੇ ਸਮਾਗਮ ਵਿਚ ਸਾਰੇ ਬੁਲਾਰਿਆਂ ਦੀਆਂ ਤਕਰੀਰਾਂ ਬਾਦਲ ਪਿਉ ਪੁੱਤਰ ਵਲੋਂ ਸਿੱਖ ਰਵਾਇਤਾਂ ਦੇ ਕੀਤੇ ਗਏ ਅਖਉਤੀ ਘਾਣ ਤੱਕ ਸੀਮਤ ਰਹੀਆਂ ਤੇ ਕੋਈ ਵੀ ਬੁਲਾਰਾ ਇਹ ਸਪਸ਼ਟ ਨਹੀਂ ਕਰ ਸਕਿਆ ਕਿ 1920 ਵਿਚ ਕਾਇਮ ਹੋਏ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਆਖ਼ਰ ਕੌਣ ਸ਼ਹੀਦੀ ਗਾਣੇ ਬੰਨ੍ਹੇਗਾ?

ਇਥੋਂ ਦੇ ਕਾਂਸਟੀਚੀਊਸ਼ਨ ਕਲੱਬ ਵਿਖੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਤੇ 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਤੇ ਸਰਨਿਆਂ ਦੇ ਸੱਦੇ 'ਤੇ  ਬਾਅਦ ਦੁਪਹਿਰ ਹੋਏ ਸਮਾਗਮ ਵਿਚ ਅਕਾਲੀ ਦਲ 'ਚੋਂ ਮੁਅੱਤਲ ਕੀਤੇ ਗਏ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ, ਵਿਧਾਇਕ ਸ.ਪਰਮਿੰਦਰ ਸਿੰਘ ਢੀਂਡਸਾ, ਟਕਸਾਲੀ ਅਕਾਲੀ ਦਲ ਦੇ ਪ੍ਰਧਾਨ  ਸ.ਰਣਜੀਤ ਸਿੰਘ ਬ੍ਰਹਮਪੁਰਾ, ਜਥੇ: ਸੇਵਾ ਸਿੰਘ ਸੇਖਵਾਂ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ.ਬੀਰ ਦਵਿੰਦਰ ਸਿੰਘ।

ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ.ਰਵੀ ਇੰਦਰ ਸਿੰਘ, ਜਾਗੋ ਪਾਰਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ, ਸਾਬਕਾ ਮੰਤਰੀ ਸ.ਬਲਵੰਤ ਸਿੰਘ ਰਾਮੂਵਾਲੀਆ, ਬਾਬਾ ਬਲਜੀਤ ਸਿੰਘ ਦਾਦੂਵਾਲ, ਬੀਬੀ ਨਿਰਪ੍ਰੀਤ ਕੌਰ ਸਣੇ ਸ.ਕਰਨੈਲ ਸਿੰਘ ਪੀਰ ਮੁਹੰਮਦ, ਮਨਜੀਤ ਸਿੰਘ ਭੋਮਾ ਤੇ ਹੋਰਨਾਂ ਨੇ ਸ਼ਾਮਲ ਹੋ ਕੇ ਪੰਥ ਬਚਾਉਣ ਦੀ ਦੁਹਾਈ ਦੇ ਕੇ ਸਿੱਖ ਸਿਧਾਂਤਾਂ, ਪੰਥਕ ਅਦਾਰਿਆਂ ਤੇ ਪੰਥ ਦੀ ਪਨੀਰੀ ਦੇ  ਘਾਣ ਦਾ ਦੋਸ਼ ਬਾਦਲ ਪਿਉ ਪੁੱਤਰ ਸਿਰ ਮੜ੍ਹ ਕੇ, ਪੰਥ ਦੇ ਉੱਜਲੇ ਭਵਿੱਖ ਲਈ ਸ਼ਹੀਦੀ ਜੱਥੇ ਤਿਆਰ ਕਰਨ ਦੀ ਵਕਾਲਤ ਕੀਤੀ ।

ਇਕੱਠ ਵਿਚ ਹਾਜ਼ਰ ਸਿੱਖਾਂ ਦੀ ਹਮਾਇਤ ਮੰਗਦੇ ਹੋਏ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, “ਅਸੀਂ ਅਕਾਲੀ ਦਲ ਨੂੰ ਪੁਰਾਣੀਆਂ ਲੀਹਾਂ 'ਤੇ ਲਿਆਉਣ ਤੇ ਲੋਕਾਂ ਦਾ ਭਰੋਸਾ ਮੁੜ ਬਨਾਉਣ ਲਈ ਪੂਰੇ ਪੰਜਾਬ ਵਿਚ ਜਾਵਾਂਗੇ। ਅਸੀਂ ਵੀ ਅਕਾਲੀ ਦਲ ਦੇ  ਮੈਂਬਰ ਹਾਂ, ਅਸੀਂ ਪਾਰਟੀ ਦੇ ਅੰਦਰ ਰਹਿ ਕੇ ਬੜੀ ਕੋਸ਼ਿਸ਼ ਕੀਤੀ ਕਿ ਅਕਾਲੀ ਦਲ ਨੂੰ ਪੁਰਾਣੀਆਂ ਲੀਹਾਂ 'ਤੇ ਲਿਆਂਦਾ ਜਾਵੇ, ਪਰ ਉਪਰੋਂ ਫ਼ੈਸਲੇ ਥੋਪਣੇ ਬੰਦ ਨਾ ਹੋਏ। ਹਾਰ ਕੇ ਅਸੀਂ ਦੁੱਖੀ ਹੋ ਕੇ, ਅਹੁਦੇ ਛੱਡ ਦਿਤੇ।“


ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ.ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਤੇ ਬਾਦਲਾਂ ਦੇ ਕਬਜ਼ੇ 'ਤੇ ਬਰਗਾੜੀ ਵਿਚ ਸਿੱਖਾਂ 'ਤੇ ਗੋਲੀਆਂ ਚਲਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਾਦਲਾਂ ਵਲੋਂ ਸੌਦਾ ਸਾਧ ਨੂੰ ਮਾਫ਼ੀ ਦੇਣ ਸਣੇ ਕਈ ਮੁਦਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ, “ਅਕਾਲ ਤਖ਼ਤ ਸਾਹਿਬ 'ਤੇ ਸਿੱਖਾਂ ਦਾ ਇਕੱਠ ਕਰ ਕੇ, ਸਿੱਖਾਂ 'ਚੋਂ ਹੀ ਅਕਾਲੀ ਦਾ ਪ੍ਰਧਾਨ ਥਾਪਿਆ ਜਾਣਾ ਚਾਹੀਦਾ ਹੈ।“

 ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਬਾਦਲਾਂ ਨੂੰ ਹਰਾਉਣ, ਬਾਦਲ ਪਰਵਾਰ ਨਾਲ ਨਾ ਮਿਲਵਰਤਣ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ, “ਜਿਵੇਂ ਸ਼ਾਹੀਨ ਬਾਗ਼ ਵਿਚ ਮੁਸਲਮਾਨ ਔਰਤਾਂ ਨੇ ਮੋਰਚਾ ਲਾਇਆ ਹੋਇਐ, ਉਸੇ ਤਰ੍ਹਾਂ ਸਾਨੂੰ ਵੀ ਆਪਣਾ ਹੱਕ ਲੈਣ ਲਈ ਮੋਰਚੇ ਲਾਉਣੇ ਪੈਣੇ ਹਨ ਤੇ ਸ਼ਹੀਦੀ ਜੱਥੇ ਬਣਾਉਣੇ ਪੈਣਗੇ, ਜਿਸ ਨਾਲ  ਦੇਸ਼ ਦੀ ਸਰਕਾਰਾਂ ਨੂੰ ਆਪਣੀ ਤਾਕਤ ਵਿਖਾ ਕੇ, ਅਕਾਲੀ ਦਲ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਇਆ ਜਾ ਸਕੇ।“

'ਜਾਗੋ' ਪਾਰਟੀ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਕਿਹਾ, “ਜੇ ਪੰਥ ਤੋਂ ਬਾਦਲ ਪਰਵਾਰ ਦਾ ਗ਼ਲਬਾ ਲਾਹੁਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਮੁਫ਼ਾਦ ਛੱਡਣੇ ਪੈਣਗੇ।“ ਵਿਧਾਇਕ ਸ.ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, “ਅਕਾਲੀ ਦਲ ਪੰਥ ਦਾ ਨਾ ਹੋਕੇ, ਸਿਰਫ ਸੱਤਾ ਪ੍ਰਾਪਤੀ ਕਰਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਜਦ ਕਿ ਸਾਡੇ ਬਜ਼ੁਰਗਾਂ  ਨੇ ਅਕਾਲੀ ਦਲ ਲਈ ਬੜੀਆਂ ਸ਼ਹੀਦੀਆਂ ਦਿਤੀਆਂ ਹਨ।

ਜਿਸ ਤਰ੍ਹਾਂ ਮਨਜੀਤ ਸਿੰਘ ਜੀ ਕੇ ਤੇ ਪਰਮਜੀਤ ਸਿੰਘ ਸਰਨਾ ਪੰਥਕ ਹਿੱਤਾਂ ਲਈ ਪੁਰਾਣੇ ਟਕਰਾਅ ਨੂੰ ਛੱਡ ਕੇ ਇਕਮੁਠ ਹੋਏ ਹਨ, ਉਸੇ ਤਰ੍ਹਾਂ  ਸਾਨੂੰ ਸਾਰਿਆਂ ਨੂੰ ਆਪਸੀ ਮਤਭੇਦ ਭੁੱਲਾ ਕੇ, ਪੰਥ ਦੇ ਭਲੇ ਲਈ ਇਕਮੁੱਠ ਹੋਣਾ ਪਵੇਗਾ, ਕਿਉਂਕਿ ਪੰਜਾਬ ਦੇ ਲੋਕ ਬਾਦਲਾਂ ਤੋਂ ਖਹਿੜਾ ਛੁਡਵਾਉਣ ਦਾ ਤਹੱਈਆ ਕਰ ਚੁਕੇ ਹਨ।“

ਇਸ ਮੌਕੇ ਸ.ਬੀਰ ਦਵਿੰਦਰ ਸਿੰੰਘ, ਸ.ਸੇਵਾ ਸਿੰਘ ਸੇਖਵਾਂ, ਸ.ਬਲਵੰਤ ਸਿੰਘ ਰਾਮੂਵਾਲੀਆ, ਸ.ਰਵੀ ਇੰਦਰ ਸਿੰਘ, ਭਾਈ ਤਰਸੇਮ ਸਿੰਘ ਸਣੇ ਜਾਗੋ ਪਾਰਟੀ ਦੇ ਜਨਰਲ ਸਕੱਤਰ ਸ.ਪਰਮਿੰਦਰਪਾਲ ਸਿੰਘ ਨੇ ਆਪੋ ਆਪਣੀਆਂ ਤਕਰੀਰਾਂ ਵਿਚ ਸਿੱਖੀ ਪੰਥਕ ਅਦਾਰਿਆਂ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਤੇ ਪੁਰਾਣੇ ਅਕਾਲੀਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦਾ ਹੋਕਾ ਦਿਤਾ।

ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਸ.ਕੁਲਤਾਰਨ ਸਿੰਘ ਕੋਛੜ, ਸ.ਚਮਨ ਸਿੰਘ ਸ਼ਾਹਪੁਰਾ, ਜਾਗੋ ਦੀ ਕੌਰ ਬ੍ਰਿਗੇਡ ਦੀ ਸਰਪ੍ਰਸਤ ਬੀਬੀ ਮਨਦੀਪ ਕੌਰ ਬਖ਼ਸ਼ੀ ਸਣੇ ਸਰਨਾ ਤੇ ਜਾਗੋ ਪਾਰਟੀ ਦੇ ਕਾਰਕੁਨ ਤੇ ਅਹੁਦੇਦਾਰ ਸ਼ਾਮਲ ਹੋਏ।