“ਅਕਾਲੀ ਆਪਣਾ ਚੋਣ ਨਿਸ਼ਾਨ ਬਦਲ ਕੇ ਕਰ ਲੈਣ ਛੂਣ-ਛੁਣਾ”

ਏਜੰਸੀ

ਖ਼ਬਰਾਂ, ਪੰਜਾਬ

ਚਿੱਟੇ ਬਗਲੇ ਨਿਲੇ ਮੋਰ ਇਹ ਵੀ ਚੋਰ ਉਹ ਵੀ ਚੋਰ: ਸੰਧਵਾਂ

file photo

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਾਲ 2020 ਦਾ ਪਹਿਲਾ ਸੈਸ਼ਨ ਹੰਗਾਮਾ ਭਰਪੂਰ ਰਿਹਾ। ਇਸ ਦੌਰਾਨ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਬਿਜਲੀ ਮੁੱਦੇ ‘ਤੇ ਘੇਰਿਆ। ਆਮ ਆਦਮੀ ਪਾਰਟੀ ਦੇ ਆਗੂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੌੜਾ ਨੇ ਜਿੱਥੇ ਪੰਜਾਬ ‘ਚ ਪੈਦਾ ਹੋਏ ਬਿਜਲੀ ਸੰਕਟ ਲਈ ਮੌਜੂਦਾ ਅਤੇ ਸਾਬਕਾ ਸਰਕਾਰ ਨੂੰ ਜਿੰਮੇਵਾਰ ਦੱਸਿਆ ਉਥੇ ਹੀ ਅਕਾਲੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ।

ਅਮਨ ਅਰੋੜਾ ਨੇ ਰੋਜ਼ਾਨਾ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬਿਜਲੀ ਮੱਦੇ ‘ਤੇ ਕਾਂਗਰਸ ਅਤੇ ਅਕਾਲੀ ਦਲ ਇਕ-ਮਿਕ ਹਨ। ਉਨ੍ਹਾਂ ਦੋਵਾਂ ਧਿਰਾਂ ਨੂੰ ਪੰਜਾਬ ਵਿਚ ਵਧੀਆਂ ਬਿਜਲੀ ਦਰਾਂ ਉਤੇ ਸਿੱਧੀ ਬਹਿਸ ਦੀ ਚੁਣੌਤੀ ਦਿੰਦੇ ਕਿਹਾ ਕਿ ਉਹ ਅੱਧੇ ਘੰਟੇ ‘ਚ ਹੀ ਉਨ੍ਹਾਂ ਦਾ ਸੱਚ ਨਸ਼ਰ ਕਰ ਦੇਣਗੇ।

ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਬਿਜਲੀ ਦਰਾਂ ਉਤੇ ਨਕੇਲ ਕੱਸਣ ਦੀ ਮੰਗ ਨੂੰ ਲੈ ਕੇ ਪ੍ਰਾਈਵੇਟ ਬਿੱਲ ਪੇਸ਼ ਕਰਨ ਦੀ ਮੰਗ ਵੀ ਰੱਖੀ ਸੀ, ਜਿਸਨੂੰ ਮੰਜ਼ੂਰ ਨਾ ਕਰਕੇ ਸਰਕਾਰ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਅਰੋੜਾ ਮੁਤਾਬਿਕ ਬੇਸ਼ੱਕ ਸਰਕਾਰ ਵੱਲੋਂ ਲੋਕਾਂ ਦੇ ਮੁੱਦਿਆਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਪਰ ਉਨ੍ਹਾਂ ਦੀ ਪਾਰਟੀ ਵੱਲੋਂ ਪੂਰੇ ਪੰਜਾਬ ਵਿਚ ਬਿਜਲੀ ਅੰਦੋਲਨ ਚਲਾਇਆ ਜਾਵੇਗਾ ਅਤੇ ਕੈਪਟਨ ਸਰਕਾਰ ਦੇ ਤਿੰਨ ਨਿੱਜੀ ਥਰਮਲ ਪਲਾਟਾਂ ਨਾਲ ਹੋਏ ਅੰਦਰਖਾਤੇ ਸਮਝੌਤੇ ਨੂੰ ਵੀ ਨਸ਼ਰ ਕੀਤਾ ਜਾਵੇਗਾ।

‘ਆਪ’ ਵੱਲੋਂ ਅਕਾਲੀ ਦਲ ਦੇ ਵਿਧਾਇਕਾਂ ਦੁਆਰਾ ਕੀਤੇ ਗਏ ਛੂਣ-ਛੁਣਾ ਪ੍ਰਦਰਸ਼ਨ ਨੂੰ ਮਹਿਜ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਜੋ ਕੁਝ ਕਰੀਬ 3 ਸਾਲ ਕਾਂਗਰਸ ਨੇ ਕੀਤਾ ਉਹੀ ਕੁਝ ਪਿਛਲੇ 10 ਸਾਲ ਅਕਾਲੀ ਕਰਦੇ ਰਹੇ ਹਨ। ਆਪ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹੁਣ ਗਵਰਨਰ ਤੋਂ ਵੀ ਝੂਠ ਬੁਲਾਉਣ ਲੱਗ ਪਈ ਹੈ। ਉਨ੍ਹਾਂ ਮੁਤਾਬਿਕ ਸੈਸ਼ਨ ਦੇ ਇਕ ਦਿਨ ‘ਤੇ 70 ਲੱਖ ਦਾ ਜੋ ਖਰਚਾ ਹੁੰਦਾ ਹੈ, ਉਸਨੂੰ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਦਾ ਕੋਈ ਵੀ ਮੁੱਦਾ ਨਹੀਂ ਵਿਚਾਰਿਆ ਜਾ ਰਿਹਾ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਨਹੀਂ ਤਾਂ ਪਹਿਲਾਂ ਅਕਾਲੀਆਂ ਦੇ ਤੇ ਹੁਣ ਕਾਂਗਰਸੀਆਂ ਦੇ ਮਹਿਲ ਬਣ ਰਹੇ ਹਨ ਪਰ ਲੋਕਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ।

ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਵੀ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 13 ਸਾਲਾਂ ਤੋਂ ਪੰਜਾਬ ਦੇ ਮੁੱਦਾ ਉੱਥੇ ਦੇ ਉੱਥੇ ਹੀ ਖੜ੍ਹੇ ਹਨ।