ਕਿਸਾਨੀ ਅੰਦੋਲਨ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਤਿੰਨ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਨਾਂ ਆਗਿਆ ਮਾਲ ਰੋਡ ’ਤੇ ਕਰ ਰਹੇ ਸੀ ਪ੍ਰਦਰਸ਼ਨ- ਐਸ ਪੀ

Shimla police arrested 3 protesting farmers

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਤਿੰਨ ਕਿਸਾਨਾਂ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਕਿਸਾਨਾਂ ਨਾਲ ਧੱਕਮੁੱਕੀ ਵੀ ਕੀਤੀ। ਇਸ ਮੌਕੇ ਭਾਰੀ ਗਿਣਤੀ ਵਿਚ ਲੋਕ ਵੀ ਮੌਜੂਦ ਸਨ।

ਇਹ ਕਿਸਾਨ ਸਿੰਘੂ ਬਾਰਡਰ ਤੋਂ ਸ਼ਿਮਲਾ ਪਹੁੰਚੇ ਸਨ ਤੇ ਇਹ ਰਿਜ ਮੈਦਾਨ ‘ਤੇ ਕਿਸਾਨੀ ਸੰਘਰਸ਼ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ। ਹਾਲਾਂਕਿ ਸ਼ਿਮਲਾ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਹਿਰਾਸਤ ਵਿਚ ਲਿਆ ਗਿਆ ਹੈ। ਉਹਨਾਂ ਕਿਹਾ ਨੌਜਵਾਨ ਬਿਨਾਂ ਆਗਿਆ ਤੋਂ ਪ੍ਰਦਰਸ਼ਨ ਕਰ ਰਹੇ ਸਨ।

ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸ਼ਿਮਲਾ ਪੁਲਿਸ ਦੇ ਵਰਤਾਅ ਦੀ ਕਾਫੀ ਨਿਖੇਧੀ ਵੀ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਵੀ ਨੌਜਵਾਨ ਕਿਸਾਨਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਵਾਲ ਚੁੱਕੇ ਪਰ ਪੁਲਿਸ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। 

ਵਾਇਰਲ ਵੀਡੀਓ ਵਿਚ ਨੌਜਵਾਨ ਕਹਿ ਰਿਹਾ ਹੈ ਕਿ ਉਹ ਤਿੰਨ ਲੋਕ ਸਨ ਤੇ ਉਹ ਸ਼ਾਤਮਈ ਢੰਗ ਨਾਲ ਅਪਣਾ ਪ੍ਰਦਰਸ਼ਨ ਕਰ ਰਹੇ ਸਨ, ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਨਾਅਰੇਬਾਜ਼ੀ ਨਹੀਂ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਮੀਡੀਆ ਕਰਮਚਾਰੀਆਂ ਨਾਲ ਵੀ ਧੱਕਾਮੁੱਕੀ ਕੀਤੀ।