ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸਪਾ, ਕਾਂਗਰਸ ਦੇ ਮੈਂਬਰਾਂ ਨੇ ਸਦਨ ਵਿਚੋਂ ਕੀਤਾ ਵਾਕਆਊਟ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਅਡਾਨੀ ਅਤੇ ਅੰਬਾਨੀ ਦਾ ਦਲਾਲ ਕਰਾਰ ਦਿਤਾ

Uttar Pradesh Assembly

ਲਖਨਊ : ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਸ਼ੁਕਰਵਾਰ ਨੂੰ ਵਿਧਾਨ ਸਭਾ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨਕਾਰੀ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਚਰਚਾ ਕਰਵਾਏ ਜਾਣ ਦੀ ਮੰਗ ਪੂਰੀ ਨਾ ਹੋਣ ਉੱਤੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕੀਤਾ ਅਤੇ ਸਰਕਾਰ ਉੱਤੇ ਦੋਸ਼ ਲਾਏ।

ਇਸ ਦੌਰਾਨ ਸਦਨ ਦੇ ਨੇਤਾ (ਮੁੱਖ ਮੰਤਰੀ) ਯੋਗੀ ਆਦਿੱਤਿਆਨਾਥ ਵਲੋਂ ਕਿਸਾਨਾਂ ਦੀ ਆੜ ਹੇਠ ‘ਦਲਾਲੀ’ ਦੇ ਦੋਸ਼ ਲਗਾਉਣ ’ਤੇ ਵਿਰੋਧੀ ਧਿਰ ਦੇ ਨੇਤਾ ਰਾਮ ਗੋਵਿੰਦ ਚੌਧਰੀ ਨੇ ਅਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਅਡਾਨੀ ਅਤੇ ਅੰਬਾਨੀ ਦਾ ਦਲਾਲ ਕਰਾਰ ਦਿਤਾ।


ਸ਼ੁਕਰਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਮ ਗੋਵਿੰਦ ਚੌਧਰੀ, ਸਪਾ ਮੈਂਬਰ ਸ਼ੈਲੇਂਦਰ ਯਾਦਵ ਲਲਾਈ, ਨਰਿੰਦਰ ਵਰਮਾ ਅਤੇ ਵਰਿੰਦਰ ਯਾਦਵ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਨੋਟਿਸ ਦੇ ਕੇ ਸਦਨ ਦੀ ਕਾਰਵਾਈ ਮੁਲਤਵੀ ਕਰ ਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਉੱਤੇ ਵਿਚਾਰ ਵਟਾਂਦਰੇ ਦੀ ਮੰਗ ਕੀਤੀ ਸੀ।

ਚੌਧਰੀ ਨੇ ਸਦਨ ਵਿਚ ਇਸ ਬਾਰੇ ਕਈ ਵਾਰ ਵਿਚਾਰ ਵਟਾਂਦਰੇ ਦੀ ਮੰਗ ਕੀਤੀ ਪਰ ਮੰਗ ਨਾ ਮੰਨਣ ਉੱਤੇ ਐਸਪੀ ਦੇ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਬਾਹਰ ਚਲੇ ਗਏ। ਇਸ ਸਮੇਂ ਦੌਰਾਨ ਕਾਂਗਰਸ ਦੇ ਮੈਂਬਰ ਵੀ ਕਿਸਾਨਾਂ ਦੇ ਮੁੱਦੇ ’ਤੇ ਸਦਨ ਤੋਂ ਬਾਹਰ ਚਲ ਗਏ।