ਪੈਂਗੋਂਗ ਝੀਲ ਤੋਂ ਫ਼ੌਜਾਂ ਦੀ ਵਾਪਸੀ ਦਾ ਕੰਮ ਹੋਇਆ ਪੂਰਾ, ਹੋਰ ਇਲਾਕਿਆਂ ਸਬੰਧੀ ਫ਼ੌਜੀ ਗੱਲਬਾਤ ਅੱਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਹਾਂ ਧਿਰਾਂ ਵਿਚਕਾਰ ਸੀਨੀਅਰ ਅਧਿਕਾਰੀ ਪੱਧਰ 'ਤੇ ਇਹ ਪਹਿਲੀ ਗੱਲਬਾਤ

Indo-China border

ਨਵੀਂ ਦਿੱਲੀ: ਪੈਂਗੋਂਗ ਝੀਲ ਦੇ ਉੱਤਰੀ ਅਤੇ ਦਖਣੀ ਕਿਨਾਰਿਆਂ ਤੋਂ ਫ਼ੌਜੀਆਂ ਅਤੇ ਹਥਿਆਰਾਂ ਨੂੰ ਹਟਾਉਣ ਦਾ ਕੰਮ ਪੂਰਾ ਕਰਨ ਤੋਂ ਬਾਅਦ ਭਾਰਤ ਅਤੇ ਚੀਨ ਸਨਿਚਰਵਾਰ ਨੂੰ ਇਕ ਹੋਰ ਦੌਰ ਦੀ ਉੱਚ ਪਧਰੀ ਸੈਨਿਕ ਗੱਲਬਾਤ ਕਰਨਗੇ, ਤਾਂ ਜੋ ਪੂਰਬੀ ਲੱਦਾਖ਼ ਦੇ ਡੇਪਸਾਂਗ, ਗੋਗਰਾ ਅਤੇ ਹਾਟ ਸਪਿ੍ਰੰਗ ਇਲਾਕਿਆਂ ਤੋਂ ਫ਼ੌਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। 

ਅਧਿਕਾਰਤ ਸੂਤਰਾਂ ਨੇ ਸ਼ੁਕਰਵਾਰ ਨੂੰ ਦਸਿਆ ਕਿ ਕੋਰ ਕਮਾਂਡਰ ਪਧਰੀ ਗੱਲਬਾਤ ਦਾ ਦਸਵਾਂ ਗੇੜ ਕਲ ਸਵੇਰੇ 10 ਵਜੇ ਚੀਨ ਵਲੋਂ ਮੋਲਦੋ ਸਰਹੱਦ ਬਿੰਦੂ ਉੱਤੇ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਪੈਂਗੋਂਗ ਝੀਲ ਖੇਤਰ ਤੋਂ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਦੋਹਾਂ ਧਿਰਾਂ ਵਿਚਕਾਰ ਸੀਨੀਅਰ ਅਧਿਕਾਰੀ ਪੱਧਰ ‘ਤੇ ਇਹ ਪਹਿਲੀ ਗੱਲਬਾਤ ਹੋਵੇਗੀ।

ਸੂਤਰਾਂ ਨੇ ਦਸਿਆ ਕਿ ਪੈਂਗੋਂਗ ਝੀਲ ਦੇ ਉੱਤਰੀ ਅਤੇ ਦਖਣੀ ਕਿਨਾਰਿਆਂ ਤੋਂ ਫ਼ੌਜਾਂ ਦੀ ਵਾਪਸੀ, ਹਥਿਆਰਾਂ ਅਤੇ ਹੋਰ ਫ਼ੌਜੀ ਉਪਕਰਣਾਂ ਅਤੇ ਬੰਕਰਾਂ, ਟੈਂਟਾਂ ਅਤੇ ਅਸਥਾਈ ਉਸਾਰੀਆਂ ਨੂੰ ਹਟਾਉਣ ਦਾ ਕੰਮ ਵੀਰਵਾਰ ਨੂੰ ਪੂਰਾ ਕਰ ਲਿਆ ਗਿਆ ਸੀ ਅਤੇ ਦੋਹਾਂ ਧਿਰਾਂ ਨੇ ਭੌਤਿਕ ਜਾਂਚ ਕੀਤੀ ਹੈ।

ਇਸ ਦੌਰਾਨ ਚੀਨ ਨੇ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਕਿਹਾ ਕਿ ਉਸ ਦੇ ਚਾਰ ਸੈਨਿਕ ਪਿਛਲੇ ਸਾਲ ਜੂਨ ਵਿਚ ਗਲਵਾਨ ਵਾਦੀ ਵਿਚ ਭਾਰਤੀ ਸੈਨਿਕਾਂ ਨਾਲ ਹੋਏ ਝੜਪ ਵਿਚ ਮਾਰੇ ਗਏ ਸਨ। ਗਲਵਾਨ ਘਾਟੀ ਵਿਚ ਹੋਈ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ।