ਉਮੀਦਵਾਰ ਐਲਾਨਣ ਤੋਂ ਬਾਅਦ ਆਪ ਤੇ ਕਾਂਗਰਸ ਗਠਜੋੜ ਦੀ ਕੋਈ ਸੰਭਾਵਨਾ ਨਹੀਂ : ਗੋਪਾਲ ਰਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ 2019 ਲਈ ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਖਾਰਜ ਕਰਦੇ ਹੋਏ...

Congress with Aap

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ 2019 ਲਈ ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਖਾਰਜ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਬਹੁਤ ਦੇਰ ਕਰ ਦਿੱਤੀ, ਹੁਣ ਗਠਜੋੜ ਦੀ ਕੋਈ ਗੁੰਜਾਇਸ਼ ਨਹੀਂ ਹੈ।

‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਲਈ ਪਾਰਟੀ ਦੇ ਉਮੀਦਵਾਰ ਐਲਾਨ ਹੋਣ ਬਾਅਦ ਕਾਂਗਰਸ ਨਾਲ ਗਠਜੋੜ ਦੀ ਹੁਣ ਕੋਈ ਸੰਭਾਵਨਾ ਨਹੀਂ ਹੈ। ਪਾਰਟੀ ਆਪਣੇ ਉਮੀਦਵਾਰਾਂ ਨੂੰ ਵਾਪਸ ਨਹੀਂ ਲਵੇਗੀ, ਇਸ ਲਈ ਗਠਜੋੜ ਦੀ ਕੋਈ ਗੁੰਜਾਇਸ਼ ਨਹੀਂ ਹੈ।

ਰਿਪੋਰਟ ਅਨੁਸਾਰ ਗੋਪਾਲ ਰਾਏ ਨੇ ਕਿਹਾ ਕਿ ਹੁਣ ਅਸੀਂ ਇਸ ਸਿੱਟੇ ‘ਤੇ ਪਹੁੰਚ ਗਏ ਹਾਂ ਕਿ ਕਾਂਗਰਸ ਦਿੱਲੀ ਨੂੰ ਲੈ ਕੇ ਗੰਭੀਰ ਨਹੀਂ ਹੈ। ਕਿਉਂਕਿ ਜਿਸ ਸੂਬੇ ਵਿਚ ਕਾਂਗਰਸ ਗੰਭੀਰ ਹੈ ਉਥੇ ਉਨ੍ਹਾਂ ਦੇ ਯਤਨ ਜਾਰੀ ਹਨ। ਇਸ ਲਈ ਐਤਵਾਰ ਨੂੰ ਅਸੀਂ ਆਪਣਾ ਸੱਤਵਾਂ ਉਮੀਦਵਾਰ ਐਲਾਨ ਕਰ ਦਿੱਤਾ ਹੈ। ਛੇ ਸੀਟਾਂ ਲਈ ‘ਆਪ’ ਦੇ ਉਮੀਦਵਾਰ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ ਹੈ। ਕਾਂਗਰਸ ਵੱਲੋਂ ਹੁਣ ਗੱਲਬਾਤ ਦੀ ਕੋਈ ਪਹਿਲ ਕੀਤੇ ਜਾਣ ਦੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਹੁਣ ਕੋਈ ਗੁੰਜਾਇਸ਼ ਨਹੀਂ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਲਈ 12 ਮਈ ਨੂੰ ਛੇਵੇਂ ਪੜਾਅ ਚੋਣਾਂ ਹੋਣਗੀ। ਕਾਂਗਰਸ ’ਚ ‘ਆਪ’ ਨਾਲ ਗਠਜੋੜ ਨੂੰ ਲੈ ਕੇ ਆਮ ਰਾਏ ਕਾਇਮ ਨਾ ਹੋਣ ਕਾਰਨ ਪਾਰਟੀ ਕਿਸੇ ਨਤੀਜੇ ਉਤੇ ਨਹੀਂ ਪਹੁੰਚ ਰਹੀ। ਕਾਂਗਰਸ ਸੂਬਾ ਪ੍ਰਧਾਨ ਸ਼ੀਲਾ ਦੀਕਸ਼ਿਤ ਗਠਜੋੜ ਲਈ ਦੋ–ਟੁਕ ਜਵਾਬ ਦੇ ਚੁੱਕੀ ਹੈ, ਉਥੇ ਸਾਬਕਾ ਪ੍ਰਦੇਸ਼ ਪ੍ਰਧਾਨ ਅਜੈ ਮਾਕਨ ਸਮੇਤ ਹੋਰ ਆਗੂ ਗਠਜੋੜ ਦੀ ਵਕਾਲਤ ਕਰਦੇ ਹੋਏ ਇਸ ਮਾਮਲੇ ਵਿਚ ਵਰਕਰਾਂ ਤੋਂ ਰਾਏਸ਼ੁਮਾਰੀ ਕਰਾਏ ਜਾਣ ਦੀ ਗੱਲ ਕਹਿ ਰਹੇ ਹਨ।