ਮਹਾਰਾਸ਼ਟਰ ’ਚ ਕਿਸਾਨਾਂ ਨੇ ਸ਼ੁਰੂ ਕੀਤਾ ‘ਫਲ ਕੇਕ ਅੰਦੋਲਨ’

ਏਜੰਸੀ

ਖ਼ਬਰਾਂ, ਰਾਸ਼ਟਰੀ

ਫਲ ਉਗਾਉਣ ਵਾਲੇ ਕਿਸਾਨਾਂ ਦੀ ਨਵੀਂ ਪਹਿਲ

Maharashtra Farmers Start 'Fruit-Cake' Movement

ਪੁਣੇ: ਮਹਾਰਾਸ਼ਟਰ ਦੇ ਪੇਂਡੂ ਇਲਾਕਿਆਂ ’ਚ ਫਲ ਉਗਾਉਣ ਵਾਲੇ ਕਿਸਾਨ ਇਕ ਨਵੀਂ ਪਹਿਲ ਕਰਦੇ ਹੋਏ ਬੇਕਰੀ ’ਚ ਬਣੇ ਕੇਕ ਦੀ ਜਗ੍ਹਾ ਫਲ ਨਾਲ ਤਿਆਰ ਕੀਤੇ ਗਏ ਕੇਕ ਦੀ ਵਰਤੋਂ ਨੂੰ ਪਹਿਲ ਦੇ ਰਹੇ ਹਨ। ਕਿਸਾਨਾਂ ਅਤੇ ਖੇਤੀ ਮਾਹਰਾਂ ਨੇ ਦਸਿਆ ਕਿ ਇਸ ‘ਫਲ ਕੇਕ ਅੰਦੋਲਨ’ ਨੂੰ ਸੋਸ਼ਲ ਮੀਡੀਆ ’ਤੇ ਵੀ ਲੋਕਪ੍ਰਿਯਤਾ ਮਿਲ ਰਹੀ ਹੈ ਅਤੇ ਇਸ ਦਾ ਮਕਸਦ ਕਿਸਾਨਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੇ ਖ਼ਾਣ-ਪੀਣ ’ਚ ਫਲ ਦੇ ਸੇਵਨ ਨੂੰ ਉਤਸ਼ਾਹ ਦੇਣਾ ਅਤੇ ਕੋਵਿਡ-19 ਮਹਾਂਮਾਰੀ ਦੇ ਇਸ ਦੌਰ ’ਚ ਉਤਪਾਦ ਵੇਚਣ ਦਾ ਨਵਾਂ ਤਰੀਕਾ ਲੱਭਣਾ ਹੈ।

ਕਿਸਾਨ, ਉਨ੍ਹਾਂ ਦੇ ਪਰਵਾਰ ਅਤੇ ਕਿਸਾਨੀ ਸਮਾਜ ਨਾਲ ਜੁੜੇ ਵੱਖ-ਵੱਖ ਸੰਗਠਨ ਸਥਾਨਕ ਪੱਧਰ ’ਤੇ ਉਗਾਏ ਜਾਣ ਵਾਲੇ ਫਲਾਂ ਜਿਵੇਂ ਕਿ ਤਰਬੂਜ਼, ਖਰਬੂਜ਼ਾ, ਅੰਗੂਰ, ਨਾਰੰਗੀ, ਅਨਾਨਾਸ ਅਤੇ ਕੇਲੇ ਨਾਲ ਬਣੇ ਕੇਕ ਦੀ ਵਰਤੋਂ ਵਿਸ਼ੇਸ਼ ਮੌਕਿਆਂ ਤੇ ਕਰਨ ਨੂੰ ਉਤਸ਼ਾਹ ਦੇ ਰਹੇ ਹਨ। ਪੁਣੇ ਦੇ ਖੇਤੀ ਵਿਸ਼ਲੇਸ਼ਕ ਦੀਪਕ ਚੌਹਾਨ ਨੇ ਦਸਿਆ ਕਿ ਸੂਬੇ ਦੇ ਵੱਖ-ਵੱਖ ਖੇਤਰਾਂ ’ਚ ਫਲ ਦੀ ਉਪਜ ਵਧੀ ਹੈ ਅਤੇ ਬਜ਼ਾਰ ’ਚ ਮੰਗ ਤੋਂ ਵੱਧ ਇਹ ਉਪਲੱਬਧ ਹੈ, ਜਿਸ ਕਾਰਨ ਇਸ ਦੀਆਂ ਕੀਮਤਾਂ ’ਚ ਗਿਰਾਵਟ ਆ ਰਹੀ ਹੈ।

ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਨਾਲ ਨੁਕਸਾਨ ਪਹੁੰਚਿਆ ਹੈ ਅਤੇ ਹੁਣ ਮੰਗ ਤੋਂ ਵੱਧ ਸਪਲਾਈ ਕਾਰਨ ਉਨ੍ਹਾਂ ਦੀ ਉਪਜ ਨੂੰ ਵਪਾਰੀ ਘੱਟ ਕੀਮਤ ’ਤੇ ਖ਼ਰੀਦ ਰਹੇ ਹਨ। ਚੌਹਾਨ ਨੇ ਦਸਿਆ ਕਿ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਨਜਿੱਠਣ ਲਈ ਕਿਸਾਨਾਂ ਨੇ ਸੋਸ਼ਲ ਮੀਡੀਆ ’ਤੇ ਇਕ ਪਹਿਲ ਸ਼ੁਰੂ ਕੀਤੀ। ਇਸ ਦੇ ਅਧੀਨ ਜਨਮ ਦਿਨ, ਵਰ੍ਹੇਗੰਢ ਸਮੇਤ ਹੋਰ ਮੌਕਿਆਂ ’ਤੇ ਫਲ ਨਾਲ ਬਣੇ ਕੇਕ ਦੀ ਵਰਤੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ,‘‘ਅਜਿਹਾ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਫਲ ਉਗਾਉਣ ਵਾਲੇ ਅਤੇ ਉਨ੍ਹਾਂ ਦੇ ਪਰਵਾਰ ਦੇ ਮੈਂਬਰ ਪੂਰੀ ਮਾਤਰਾ ’ਚ ਫਲ ਨਹੀਂ ਖਾਂਦੇ। ਇਸ ਪਹਿਲ ਕਾਰਨ ਉਹ ਅਜਿਹਾ ਕਰ ਪਾ ਰਹੇ ਹਨ ਅਤੇ ਫਲ ਵਾਲਾ ਕੇਕ, ਬੇਕਰੀ ’ਚ ਬਣੇ ਕੇਕ ਤੋਂ ਬਿਹਤਰ ਹੁੰਦਾ ਹੈ, ਕਿਉਂਕਿ ਇਸ ’ਚ ਪੋਸ਼ਕ ਤੱਤ ਜ਼ਿਆਦਾ ਮਾਤਰਾ ’ਚ ਹੁੰਦੇ ਹਨ।’’