ਫਟੀਆਂ ਜੀਨਾਂ ਵਾਲੇ ਬਿਆਨ ’ਤੇ ਪ੍ਰਿਯੰਕਾ ਗਾਂਧੀ ਦਾ ਟਵੀਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਂਝੀਆਂ ਕੀਤੀਆਂ ਪੀਐਮ ਮੋਦੀ, ਨਿਤਿਨ ਗਡਕਰੀ ਤੇ ਮੋਹਨ ਭਾਗਵਤ ਦੀਆਂ ਤਸਵੀਰਾਂ

Priyanka Gandhi Reaction on Uttarakhand cm's Statement

ਨਵੀਂ ਦਿੱਲੀ: ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਯਾਦਵ ਦੇ ਫਟੀਆਂ ਜੀਨਾਂ ਵਾਲੇ ਬਿਆਨ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ। ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਮਹਿਲਾ ਆਗੂਆਂ ਵੱਲੋਂ ਵੀ ਤੀਰਥ ਸਿੰਘ ਯਾਦਵ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਸ ਦੌਰਾਨ ਉਤਰਾਖੰਡ ਸੀਐਮ ਦੇ ਬਿਆਨ ਉੱਤੇ ਤੰਜ ਕਸਦਿਆਂ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਪੀਐਮ ਮੋਦੀ, ਨਿਤਿਨ ਗਡਕਰੀ ਅਤੇ ਮੋਹਨ ਭਾਗਵਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।

ਪ੍ਰਿਯੰਕਾ ਗਾਂਧੀ ਨੇ ਤਸਵੀਰਾਂ ਨਾਲ ਕੈਪਸ਼ਨ ਲਿਖਿਆ ਕਿ ਇਹਨਾਂ ਦੇ ਤਾਂ ਗੋਡੇ ਦਿਖਾਈ ਦੇ ਰਹੇ ਹਨ। ਪ੍ਰਿਯੰਕਾ ਗਾਂਧੀ ਨੇ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ, ‘ਹੇ ਮੇਰਿਆ ਰੱਬਾ!!! ਇਹਨਾਂ ਦੇ ਗੋਡੇ ਦਿਖਾਈ ਦੇ ਰਹੇ ਹਨ। #RippedJeansTwitter’। ਪ੍ਰਿਯੰਕਾ ਗਾਂਧੀ ਦੇ ਇਸ ਟਵੀਟ ’ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਸਵਰਾ ਭਾਸਕਰ ਨੇ ਟਵੀਟ ’ਤੇ ਹਾਸੇ ਵਾਲੇ ਈਮੋਜੀ ਸ਼ੇਅਰ ਕੀਤੇ।

ਸਵਰਾ ਭਾਸਕਰ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਯੂਜ਼ਰ ਕਮੈਂਟਸ ਵੀ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰ ਜਯਾ ਬਚਨ ਨੇ ਵੀ ਤੀਰਥ ਸਿੰਘ ਰਾਵਤ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ ਹੈ।

ਜਯਾ ਬਚਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਬਿਆਨ ਇਕ ਸੂਬੇ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਉੱਚ ਅਹੁਦਿਆਂ ਉੱਤੇ ਬੈਠੇ ਲੋਕਾਂ ਨੂੰ ਸੋਚ ਸਮਝ ਕੇ ਜਨਤਕ ਬਿਆਨ ਦੇਣਾ ਚਾਹੀਦਾ ਹੈ। ਅੱਜ ਦੇ ਜ਼ਮਾਨੇ ਵਿਚ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਅਤੇ ਤੁਸੀਂ ਕੱਪੜਿਆਂ ਨਾਲ ਫੈਸਲਾ ਲਓਗੇ ਕਿ ਕੌਣ ਸੰਸਕਾਰੀ ਹੈ...ਕੌਣ ਨਹੀਂ। ਇਹ ਬਹੁਤ ਗਲਤ ਹੈ’।

ਜਯਾ ਬਚਨ ਤੋਂ ਪਹਿਲਾਂ ਉਹਨਾਂ ਦੀ ਦੋਹਤੀ ਨਵਯਾ ਨਵੇਲੀ ਨੰਦਾ ਨੇ ਵੀ ਟਵੀਟ ਕਰਕੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਹੈ। ਨਵਯਾ ਨੇ ਲਿਖਿਆ ਸੀ, ‘ਸਾਡੇ ਕੱਪੜਿਆਂ ਨੂੰ ਬਦਲਣ ਤੋਂ ਪਹਿਲਾਂ ਅਪਣੀ ਮਾਨਸਿਕਤਾ ਬਦਲੋ। ਇੱਥੇ ਸਿਰਫ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਸਮਾਜ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ...’।