ਪੰਜਾਬ ਦੇ ਕਈ ਸਥਾਨ ਜੈਸ਼-ਏ-ਮੁਹੰਮਦ ਦੇ ਨਿਸ਼ਾਨੇ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੰਜਾਬ ਅਤੇ ਹਰਿਆਣਾ ਦੇ ਕਈ ਰੇਲਵੇ ਸਟੇਸ਼ਨਾਂ ਅਤੇ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।

Jaish-e-Mohammed

ਨਵੀਂ ਦਿੱਲੀ: ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੰਜਾਬ ਅਤੇ ਰਾਜਸਥਾਨ ਦੇ ਕਈ ਰੇਲਵੇ ਸਟੇਸ਼ਨਾਂ ਅਤੇ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਜੈਸ਼-ਏ-ਮੁਹੰਮਦ ਦੇ ਏਰੀਆ ਕਮਾਂਡਰ ਮਸੂਦ ਅਜ਼ਹਰ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਰੇਲ ਪ੍ਰਬੰਧਕ ਨੂੰ ਇਕ ਚਿੱਠੀ ਭੇਜੀ ਸੀ। ਜਿਸ ਵਿਚ ਉਸ ਨੇ ਪੰਜਾਬ ਅਤੇ ਰਾਜਸਥਾਨ ਦੇ ਕਈ ਰੇਲਵੇ ਸਟੇਸ਼ਨ, ਧਾਰਮਿਕ ਸਥਾਨ ਅਤੇ ਮਿਲਟਰੀ ਕੇਂਦਰਾਂ ਨੂੰ ਉਡਾਉਣ ਦੀ ਚੇਤਾਵਨੀ ਦਿੱਤੀ ਸੀ।

ਜੋਧਪੁਰ ਦੀ ਜੀਆਰਪੀ ਸੁਪਰਡੈਂਟ ਮਮਤਾ ਬਿਸ਼ਨੋਈ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਦੀ ਚਿੱਠੀ ਤੋਂ ਬਾਅਦ ਰੇਲਵੇ ਸਟੇਸ਼ਨਾਂ ‘ਤੇ ਸ਼ੱਕੀ ਚੀਜ਼ਾਂ ਦੀ ਜਾਂਚ ਲਈ ਆਰਪੀਐਫ ਦੇ ਨਾਲ ਇਕ ਸੰਯੁਕਤ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸਦੇ ਨਾਲ ਹੀ ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਆਲੋਕ ਵਸ਼ਿਸ਼ਠ ਨੇ ਸੂਬੇ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਹੈ ਅਤੇ ਨਾਲ ਹੀ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਮਿਲਟਰੀ ਕੈਂਟਾਂ ‘ਤੇ ਵੀ ਸੁਰੱਖਿਅਤਾ ਵਧਾਉਣ ਦੇ ਆਦੇਸ਼ ਦਿੱਤੇ ਹਨ।

ਜੈਸ਼-ਏ-ਮੁਹੰਮਦ ਵੱਲੋਂ ਭੇਜੀ ਗਈ ਚਿੱਠੀ ਵਿਚ ਜੈਪੁਰ, ਰੇਵਾੜੀ, ਜੋਧਪੁਰ, ਸ਼੍ਰੀਗੰਗਾਨਗਰ ਰੇਲਵੇ ਸਟੇਸ਼ਨ, ਮਿਲਟਰੀ ਕੈਂਟ ਅਤੇ ਸੂਬੇ ਦੇ ਕਈ ਮੰਦਰਾਂ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਗਈ ਹੈ। ਉਥੇ ਹੀ ਪੰਜਾਬ ਦੇ ਫਿਰੋਜ਼ਪੁਰ, ਫਰੀਦਕੋਟ, ਬਰਨਾਲਾ, ਅੰਮ੍ਰਿਤਸਰ ਅਤੇ ਜਲੰਧਰ ਰੇਲਵੇ ਸਟੇਸ਼ਨ ਨੂੰ 13 ਮਈ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਜਲੰਧਰ ਦਾ ਦੇਵੀ ਤਲਾਅ ਮੰਦਰ, ਫਗਵਾੜਾ ਦੇ ਹਨੁਮਾਨ ਮੰਦਰ ਅਤੇ ਬਠਿੰਡਾ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਨੂੰ 16 ਮਈ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।