ਮੋਦੀ ਦੇ ਵਾਅਦੇ ਬਾਂਸ ਵਾਂਗੂ ਖੋਖਲੇ, ਰਾਹੁਲ ਦੇ ਵਾਅਦੇ ਗੰਨੇ ਜਿਹੇ ਮਿੱਠੇ : ਨਵਜੋਤ ਸਿੰਘ ਸਿੱਧੂ
ਕਿਹਾ - ਮੋਦੀ ਖ਼ੁਦ ਨੂੰ ਚੌਕੀਦਾਰ ਦੱਸਦੇ ਹਨ, ਉਹ ਸਿਰਫ਼ ਅੰਬਾਨੀ ਅਤੇ ਅਡਾਨੀ ਦੀ ਰੱਖਿਆ ਕਰ ਰਹੇ ਹਨ
ਕੇਰਲ : ਕਾਂਗਰਸੀ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਆਪਣੇ ਚੋਣ ਬਿਆਨਾਂ ਕਰ ਕੇ ਇਕ ਵਾਰ ਫਿਰ ਚਰਚਾ 'ਚ ਹਨ। ਕੇਰਲ ਦੇ ਕੋਝੀਕੋਡ 'ਚ ਵੀਰਵਾਰ ਨੂੰ ਸਿੱਧੂ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਂਸ ਦੀ ਤਰ੍ਹਾਂ ਖੋਖਲੇ ਹਨ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਗੰਨੇ ਵਾਂਗੂ ਮਿੱਠੇ ਹਨ। ਸਿੱਧੂ ਨੇ ਨੋਟਬੰਦੀ, ਰੁਜ਼ਗਾਰ ਖੋਹਣ, ਬੈਂਕਾਂ ਦੇ ਐਨਪੀਏ ਜਿਹੇ ਮੁੱਦਿਆਂ ਨਾਲ ਐਨਡੀਏ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ।
ਸਿੱਧੂ ਨੇ ਕਿਹਾ, "ਮੋਦੀ ਸਿਰਫ਼ 0.1% ਵੱਡੇ ਕਾਰੋਬਾਰੀਆਂ ਦੇ ਪ੍ਰਧਾਨ ਮੰਤਰੀ ਰਹੇ ਹਨ ਅਤੇ ਉਨ੍ਹਾਂ ਨੇ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਲਈ ਦੇਸ਼ ਦੇ 99% ਕਿਸਾਨ, ਮਜਬੂਰ ਅਤੇ ਗਰੀਬ ਲੋਕ ਕੋਈ ਅਹਿਮੀਅਤ ਨਹੀਂ ਰੱਖਦੇ।" ਮੋਦੀ 'ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਸਿੱਧੂ ਨੇ ਕਿਹਾ, "ਮੋਦੀ ਨੂੰ ਲੱਗਦਾ ਹੈ ਕਿ ਵਾਅਦੇ ਅਤੇ ਅੰਡੇ ਸਿਰਫ਼ ਤੋੜਨ ਲਈ ਹੁੰਦੇ ਹਨ। ਉਨ੍ਹਾਂ ਦੇ ਵਾਅਦੇ ਬਾਂਸ ਜਿਹੇ ਲੰਮੇ ਹਨ। ਉਹ ਲੰਮੇ ਤਾਂ ਹੁੰਦੇ ਹਨ ਪਰ ਅੰਦਰੋਂ ਖੋਖਲੇ ਹੁੰਦੇ ਹਨ ਪਰ ਰਾਹੁਲ ਗਾਂਧੀ ਦੇ ਵਾਅਦੇ ਗੰਨੇ ਜਿਹੇ ਹਨ, ਅੰਦਰ ਅਤੇ ਬਾਹਰ ਦੋਹਾਂ ਪਾਸਿਉਂ ਮਿੱਠੇ।"
ਸਿੱਧੂ ਨੇ ਕਿਹਾ, "ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ 50 ਲੱਖ ਕਿਸਾਨਾਂ ਨੂੰ ਰਾਹੁਲ ਗਾਂਧੀ ਦੇ ਕਰਜ਼ਾ ਮਾਫ਼ੀ ਵਾਅਦੇ ਦਾ ਲਾਭ ਮਿਲਿਆ ਹੈ। ਕਾਂਗਰਸ ਨੇ ਇਹ ਵਾਅਦਾ ਸਿਰਫ਼ 2 ਘੰਟੇ 'ਚ ਪੂਰਾ ਕੀਤਾ। ਪਿਛਲੇ 5 ਸਾਲ ਭਾਰਤ ਦੇ ਇਤਿਹਾਸ ਦੇ ਸਭ ਤੋਂ ਬੁਰੇ ਸਾਲ ਰਹੇ ਹਨ। ਦੋ ਸਾਲ ਤੋਂ ਮੋਦੀ ਹਵਾ 'ਚ ਘੁੰਮ ਰਹੇ ਹਨ। ਉਹ ਪੈਰਾਸ਼ੂਟ ਹਨ ਪਰ ਰਾਹੁਲ ਗਾਂਧੀ ਜ਼ਮੀਨੀ ਨੇਤਾ ਹਨ।"
ਸਿੱਧੂ ਨੇ ਕਿਹਾ, "ਮੋਦੀ ਖ਼ੁਦ ਨੂੰ ਚੌਕੀਦਾਰ ਦੱਸਦੇ ਹਨ, ਕੀ ਉਨ੍ਹਾਂ ਨੇ ਕਦੇ ਚੌਕੀਦਾਰ ਨੂੰ ਗਰੀਬਾਂ ਅਤੇ ਕਿਸਾਨਾਂ ਦੇ ਦਰਵਾਜੇ 'ਤੇ ਵੇਖਿਆ ਹੈ? ਉਹ ਸਿਰਫ਼ 1% ਲੋਕਾਂ ਜਿਵੇਂ ਅੰਬਾਨੀ ਅਤੇ ਅਡਾਨੀ ਦੀ ਰੱਖਿਆ ਕਰ ਰਹੇ ਹਨ। ਨੋਟਬੰਦੀ ਦੌਰਾਨ ਭਾਜਪਾ ਨੇ ਬਲੈਕ ਮਨੀ ਨੂੰ ਪਰਪਲ ਮਨੀ 'ਚ ਬਦਲ ਦਿੱਤਾ। ਮੋਦੀ ਨੇ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਨੋਟਬੰਦੀ ਦੇ ਫ਼ੈਸਲੇ ਨੇ ਹੀ 35 ਲੱਖ ਨੌਕਰੀਆਂ ਖੋਹ ਲਈਆਂ।"