ਮੋਦੀ 2014 ’ਚ ਆਇਆ ਸੀ ਗੰਗਾ ਦਾ ਲਾਲ ਬਣ ਕੇ, ਹੁਣ ਜਾਵੇਗਾ ਅੰਬਾਨੀ-ਅਦਾਨੀ ਦਾ ਦਲਾਲ ਬਣ ਕੇ: ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਛਰ ਨੂੰ ਕੱਪੜੇ ਪਾਉਣਾ, ਹਾਥੀ ਨੂੰ ਗੋਦੀ 'ਚ ਖਿਡਾਉਣਾ ਤੇ ਮੋਦੀ ਤੋਂ ਸੱਚ ਬੁਲਵਾਉਣਾ ਅਸੰਭਵ

Navjot Singh Sidhu

ਅਹਿਮਦਾਬਾਦ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਹਿਮਦਾਬਾਦ ਦੇ ਧੋਲਕਾ ’ਚ ਇਕ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ’ਤੇ ਜੱਮ ਕੇ ਨਿਸ਼ਾਨੇ ਸਾਧੇ। ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇ ਮੈਂ ਗਲਤ ਸਾਬਿਤ ਹੋਇਆ ਤਾਂ ਜਲ ਸਮਾਧੀ ਲੈ ਲਵਾਂਗਾ। ਉਨ੍ਹਾਂ ਕਿਹਾ ਕਿ ਸੱਚ ਦੇ ਪੁਜਾਰੀ ਮਹਾਤਮਾ ਗਾਂਧੀ ਦੀ ਧਰਤੀ ਨੇ ਸਭ ਤੋਂ ਵੱਡਾ ਗੱਪਬਾਜ਼ ਪ੍ਰਧਾਨ ਮੰਤਰੀ ਦਿਤਾ ਹੈ।

ਸਿੱਧੂ ਨੇ ਕਿਹਾ ਕਿ ਨਰਿੰਦਰ ਮੋਦੀ 2014 'ਚ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਨਾਂ 'ਤੇ ਸੱਤਾ 'ਚ ਆਇਆ ਸੀ ਪਰ ਅੱਜ ਸਾਰਿਆਂ ਨੂੰ ਚੌਕੀਦਾਰ ਬਣਾ ਦਿਤਾ, ਲੋਕਤੰਤਰ ਨੂੰ ਗੁੰਡਾਤੰਤਰ ਬਣਾ ਦਿਤਾ ਹੈ। ਜੇਕਰ ਉਨ੍ਹਾਂ ਦੀ ਭਗਤੀ ਕਰੋ ਤਾਂ ਉਹ ਦੇਸ਼ ਭਗਤ ਤੇ ਜੇਕਰ ਵਿਰੋਧ ਕਰੋ ਤਾਂ ਦੇਸ਼ਧ੍ਰੋਹੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੀਐੱਮ ਜਾਂ ਉਨ੍ਹਾਂ ਦੇ ਸਮਰਥਕਾਂ ਤੋਂ ਦੇਸ਼ਭਗਤੀ ਦਾ ਪ੍ਰਮਾਣ-ਪੱਤਰ ਨਹੀਂ ਚਾਹੀਦਾ।

ਸਿੱਧੂ ਨੇ ਕਿਹਾ ਕਿ ਪਹਿਲਾਂ ਆਈ ਹੀਰੋ ਨੰਬਰ-1, ਕੁਲੀ ਨੰਬਰ-1, ਬੀਵੀ ਨੰਬਰ-1 ਤੇ ਹੁਣ ਆਵੇਗੀ ਫੇਕੂ ਨੰਬਰ-1। ਸਿੱਧੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਮੱਛਰ ਨੂੰ ਕੱਪੜੇ ਪਾਉਣਾ, ਹਾਥੀ ਨੂੰ ਗੋਦੀ 'ਚ ਖਿਡਾਉਣਾ ਤੇ ਮੋਦੀ ਤੋਂ ਸੱਚ ਬੁਲਵਾਉਣਾ ਅਸੰਭਵ ਹੈ। ਵਿਕਾਸ ਦੀ ਗੱਲਾਂ ਕਰਦਿਆਂ ਸਿੱਧੂ ਨੇ ਕਿਹਾ ਚੀਨ ਸੁਮੰਦਰ ਹੇਠਾਂ ਰੇਲਵੇ ਲਾਈਨ ਵਿਛਾ ਰਿਹਾ ਹੈ, ਅਮਰੀਕਾ ਮੰਗਲ 'ਤੇ ਜ਼ਿੰਦਗੀ ਦੀ ਖੋਜ ਕਰ ਰਿਹਾ ਹੈ, ਜਾਪਾਨ ਰੋਬੋਟਸ ਦੀ ਫ਼ੌਜ ਤਿਆਰ ਕਰ ਰਿਹਾ ਹੈ ਪਰ ਭਾਰਤ ਚੌਕੀਦਾਰ ਬਣਾ ਰਿਹਾ ਹੈ, ਉਹ ਵੀ ਚੋਰ।

ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਮੁੱਦਿਆਂ 'ਤੇ ਭਟਕਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ 4ਜੀ ਦੀ ਜ਼ਰੂਰਤ ਬੀਐਸਐਨਐਲ ਨੂੰ ਸੀ ਪਰ ਦਿਤਾ ਅੰਬਾਨੀ ਨੂੰ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ 2014 'ਚ ਆਇਆ ਸੀ ਤਾਂ ਗੰਗਾ ਦਾ ਲਾਲ ਬਣ ਕੇ, ਹੁਣ ਜਾਵੇਗਾ ਤਾਂ ਅਦਾਨੀ-ਅੰਬਾਨੀ ਦਾ ਦਲਾਲ ਬਣ ਕੇ।