ਮੱਛਰ ਨੂੰ ਕੱਪੜੇ ਪਾਉਣਾ, ਹਾਥੀ ਨੂੰ ਗੋਦ ’ਚ ਖਿਡਾਉਣਾ ਤੇ ਮੋਦੀ ਤੋਂ ਸੱਚ ਬੁਲਵਾਉਣਾ ਅਸੰਭਵ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਹਾਰ ਦੇ ਕਟਿਹਾਰ ਵਿਖੇ ਚੋਣ ਰੈਲੀ ਨੂੰ ਕੀਤਾ ਸੰਬੋਧਨ

Navjot Singh Sidhu

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਦੇ ਕਟਿਹਾਰ ਵਿਖੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਪਣੇ ਸ਼ਾਇਰੀ ਭਰੇ ਅੰਦਾਜ਼ ਵਿਚ ਮੋਦੀ ਸਰਕਾਰ ’ਤੇ ਜੱਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮੱਛਰ ਨੂੰ ਕੱਪੜੇ ਪਹਿਨਾਉਣਾ, ਹਾਥੀ ਨੂੰ ਗੋਦ ਵਿਚ ਖਿਡਾਉਣਾ ਤੇ ਮੋਦੀ ਤੋਂ ਸੱਚ ਬੁਲਵਾਉਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁੱਧ ਨੂੰ ਭੱਠੀ ਉਤੇ ਰੱਖ ਦਿਤਾ ਜਾਵੇ ਤਾਂ ਜਿਵੇਂ ਦੁੱਧ ਦਾ ਉਬਲਣਾ ਨਿਸ਼ਚਿਤ ਹੈ ਉਸੇ ਤਰ੍ਹਾਂ ਜੇ ਜਨਤਾ ਵਿਚ ਰੋਸ ਆ ਜਾਵੇ ਤਾਂ ਕੇਂਦਰ ਦੀ ਸਰਕਾਰ ਦਾ ਪਲਟਣਾ ਵੀ ਨਿਸ਼ਚਿਤ ਹੈ।

ਯੋਗੀ ਅਦਿੱਤਿਆਨਾਥ ਵਲੋਂ ‘ਮੋਦੀ ਕੀ ਸੈਨਾ’ ਕਹੇ ਜਾਣ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਭਾਰਤ ਦੀ ਫ਼ੌਜ ਸਿਰਫ਼ ਭਾਰਤ ਦੀ ਹੈ ਤੇ ਭਾਰਤ ਦੀ ਹੀ ਰਹੇਗੀ, ਨਾ ਕਿ ਕਿਸੇ ਰਾਜਸੀ ਪਾਰਟੀ ਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਮੰਗਲ ਗ੍ਰਹਿ ਉਤੇ ਜਾ ਕੇ ਜ਼ਿੰਦਗੀ ਦੀ ਖੋਜ ਕਰ ਰਿਹਾ ਹੈ, ਰੂਸ ਰੋਬੋਟਸ ਦੀ ਫ਼ੌਜ ਤਿਆਰ ਕਰ ਰਿਹਾ ਹੈ ਪਰ ਭਾਰਤ ਚੌਕੀਦਾਰ ਬਣਾ ਰਿਹਾ ਹੈ ਉਹ ਵੀ ਚੋਰ ਚੌਕੀਦਾਰ।

ਇਸ ਦੌਰਾਨ ਜਨਤਾ ਨੇ ਸਿੱਧੂ ਦੇ ਨਾਲ ਮਿਲ ਕੇ ਕਾਂਗਰਸ ਦੇ ਹੱਕ ਵਿਚ ਨਾਅਰੇ ਲਗਾਏ ‘ਬੁਰੇ ਦਿਨ ਜਾਨੇ ਵਾਲੇ ਹੈ ਰਾਹੁਲ ਗਾਂਧੀ ਆਨੇ ਵਾਲੇ ਹੈ’।