ਪਰਵਾਸੀ ਕਾਮਿਆਂ ਦਾ ਪਿਤਰੀ ਰਾਜਾਂ ਵੱਲ ਜਾਣਾ ਜਾਰੀ, ਰੇਲਵੇ ਵਲੋਂ ਸਪੈਸ਼ਲ ਟਰੇਨਾਂ ਚਲਾਉਣ ਦੀ ਤਿਆਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ‘ਚ ਰੇਲਵੇ ਵੱਲੋਂ ਚਲਾਈਆਂ ਜਾਣਗੀਆਂ 38 ਵਿਸ਼ੇਸ਼ ਟਰੇਨਾਂ

Special Trains

ਮੁੰਬਈ : ਦੇਸ਼ ਅੰਦਰ ਕਰੋਨਾ ਕੋਸਾਂ ਦਾ ਵਧਣਾ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਦੇਸ਼ ਭਰ ਅੰਦਰ ਪਰਵਾਸੀ ਮਜ਼ਦੂਰਾਂ ਨੇ ਆਪਣੇ ਪਿਤਰੀ ਰਾਜਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਅੰਦਰ ਕਰੋਨਾ ਦੇ ਵਧਦੇ ਕੇਸਾਂ ਤੋਂ ਡਰੇ ਬਾਹਰੀ ਰਾਜਾਂ ਤੋਂ ਇੱਥੇ ਕੰਮ ਕਰਨ ਆਏ ਪ੍ਰਵਾਸੀ ਕਾਮਿਆਂ ਨੇ ਆਪਣੇ ਪਿਤਰੀ ਰਾਜਾਂ ਵੱਲ ਜਾਣਾ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ਦੀ ਗਿਣਤੀ ਵਧਣ ਕਾਰਨ ਉੱਤਰੀ ਭਾਰਤ ਦੀਆਂ ਟਰੇਨਾਂ ਅੰਦਰ ਭੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਟਿਕਟਾਂ ਦੀ ਲੰਮੀ ਵੇਟਿੰਗ ਹੈ। ਮੱਧ ਰੇਲਵੇ ਦੇ ਨਾਲ ਹੁਣ ਪੱਛਮੀ ਰੇਲਵੇ ਵੀ ਯਾਤਰੀਆਂ ਨੂੰ ਕਨਫਰਮ ਟਿਕਟ ਦਿਵਾਉਣ ਲਈ 38 ਵਾਧੂ ਸਮਰ ਸਪੈਸ਼ਲ ਟਰੇਨਾਂ ਚਲਾਉਣ ਵਾਲੀ ਹੈ।

ਜਿਨ੍ਹਾਂ ਯਾਤਰੀਆਂ ਨੂੰ ਟਿਕਟਾਂ ਨਹੀਂ ਮਿਲ ਰਹੀਆਂ, ਉਹ ਰੇਲਵੇ ਦੀ ਬੁਕਿੰਗ ਵੈੱਬਸਾਈਟ ’ਤੇ ਨਜ਼ਰ ਬਣਾਈ ਰੱਖਣ ਕਿਉਂਕਿ ਨਿਯਮਿਤ ਤੌਰ ’ਤੇ ਵਾਧੂ ਟਰੇਨਾਂ ਜੋੜੀਆਂ ਜਾ ਰਹੀਆਂ ਹਨ। ਇਨ੍ਹਾਂ ਟਰੇਨਾਂ ਤੋਂ ਯਾਤਰੀਆਂ ਨੂੰ 196 ਸੇਵਾਵਾਂ ਪ੍ਰਾਪਤ ਹੋਣਗੀਆਂ। ਪੱਛਮੀ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਸੁਮਿਤ ਠਾਕੁਰ ਅਨੁਸਾਰ ਫਿਲਹਾਲ ਕੁਲ 266 ਰੈਗੂਲਰ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ।

ਪੱਛਮੀ ਰੇਲਵੇ ਵਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਵਾਧੂ ਟਰੇਨਾਂ ਕਾਰਨ ਯਾਤਰੀਆਂ ਨੂੰ ਰੋਜ਼ਾਨਾ 6500 ਬਰਥ/ਸੀਟਾਂ ਮਿਲ ਸਕਣਗੀਆਂ। ਇਸ ਮਹੀਨੇ ਦੇ ਅੰਤ ਤਕ 96,110 ਵਾਧੂ ਸੀਟਾਂ/ਬਰਥ ਦਾ ਪ੍ਰਬੰਧ ਹੋਣ ਦੀ ਸੰਭਾਵਨਾ ਹੈ।

ਕਾਬਲੇਗੌਰ ਹੈ ਕਿ ਪਿਛਲੇ ਸਾਲ ਵੀ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਵਕਤ ਵੱਡੀ ਗਿਣਤੀ ਕਾਮੇ ਪੈਦਲ ਹੀ ਆਪਣੇ ਗ੍ਰਹਿ ਰਾਜਾਂ ਵੱਲ ਚੱਲ ਪਏ ਸਨ। ਪਿਛਲੇ ਤਜਰਬੇ ਨੂੰ ਵੇਖਦਿਆਂ ਹੁਣ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਵਧਣ ਦੇ ਮੱਦੇਨਜ਼ਰ ਪਰਵਾਸੀ ਕਾਮਿਆਂ ਦੇ ਪਲਾਇਨ ‘ਤੇ ਰੇਵਲੇ ਵੱਲੋਂ ਮਜ਼ਦੂਰਾਂ ਦੀ ਘਰ ਵਾਪਸੀ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ।