ਹਰਿਆਣਾ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਗਈ ਪੰਜਾਬ ਪੁਲਿਸ ਦੀ ਟੀਮ ਦਾ ਲੋਕਾਂ ਨੇ ਕੀਤਾ ਘਿਰਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਪੰਜਾਬ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ

Image: For representation purpose only

 

ਚੰਡੀਗੜ੍ਹ: ਹਰਿਆਣਾ ਦੇ ਕੈਥਲ ਦੇ ਚੀਕਾ ਵਿਖੇ ਜ਼ਮੀਨ ਖ਼ਰੀਦ ਮਾਮਲੇ ਵਿਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਗਈ ਪੰਜਾਬ ਪੁਲਿਸ ਦੀ ਟੀਮ ਨੂੰ ਲੋਕਾਂ ਨੇ ਘੇਰ ਲਿਆ। ਲੋਕ ਪੁਲਿਸ ਟੀਮ ਨੂੰ ਚੀਕਾ ਥਾਣੇ ਲੈ ਗਏ। ਪੁਲਿਸ ਅਤੇ ਲੋਕਾਂ ਵਿਚਕਾਰ ਤਿੰਨ ਘੰਟੇ ਦੀ ਗੱਲਬਾਤ ਤੋਂ ਬਾਅਦ ਪੰਜਾਬ ਪੁਲਿਸ 10 ਦਿਨਾਂ ਦੇ ਅੰਦਰ ਜਾਂਚ ਵਿਚ ਸ਼ਾਮਲ ਹੋਣ ਦਾ ਨੋਟਿਸ ਦੇ ਕੇ ਵਾਪਸ ਪਰਤ ਆਈ ਹੈ। ਚੀਕਾ ਥਾਣੇ ਦੇ ਇੰਚਾਰਜ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ, ਬਾਅਦ ਵਿਚ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਇਕ ਦਿਨ ਪਹਿਲਾਂ ਫ਼ੋਨ ਆਇਆ ਸੀ।

ਇਹ ਵੀ ਪੜ੍ਹੋ: ਰੱਬਾ ਇਹੋ-ਜਿਹੀ ਔਲਾਦ ਕਿਸੇ ਨੂੰ ਨਾ ਦੇਈਂ, ਰੋਟੀ ਮੰਗਣ 'ਤੇ ਬਜ਼ੁਰਗ ਪਿਓ ਨੂੰ ਡੰਡੇ ਨਾਲ ਕੁੱਟਿਆ

ਦਰਅਸਲ ਜਦੋਂ ਪੰਜਾਬ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਪੁਲਿਸ ਦਾ ਕਹਿਣਾ ਸੀ ਕਿ ਉਕਤ ਲੋਕਾਂ ਖ਼ਿਲਾਫ਼ ਪਟਿਆਲਾ ਦੇ ਤ੍ਰਿਪੜੀ ਥਾਣੇ ’ਚ ਮਾਮਲਾ ਦਰਜ ਹੈ, ਜਿਸ ਕਾਰਨ ਉਹ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਆਏ ਹਨ ਪਰ ਮੁਲਜ਼ਮਾਂ ਦੀ ਦਲੀਲ ਸੀ ਕਿ ਪੰਜਾਬ ਪੁਲਿਸ ਵੱਲੋਂ ਸਥਾਨਕ ਪੁਲਿਸ ਤੋਂ ਬਿਨਾਂ ਗ੍ਰਿਫ਼ਤਾਰੀ ਕਰਨ ਦਾ ਯਤਨ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਹੈ।

ਇਹ ਵੀ ਪੜ੍ਹੋ: 'ਦੇਖੋ ਅੱਜ ਪਿੰਡ ਦਾ ਮੁੰਡਾ ਪਿੰਡ ਦੇਖਣ ਆਇਆ ਹੈ’, 77 ਸਾਲਾਂ ਬਾਅਦ ਪੰਜਾਬ ਤੋਂ ਪਾਕਿਸਤਾਨ ’ਚ ਆਪਣੇ ਜੱਦੀ ਪਿੰਡ ਪਹੁੰਚਿਆ ਪੂਰਨ ਸਿੰਘ

ਚੀਕਾ ਦੇ ਵਾਰਡ-12 ਦੀ ਵਸਨੀਕ ਰੋਸ਼ਨੀ ਦੇਵੀ, ਇਕਵਿੰਦਰ ਕੌਰ, ਸ਼ਿਲਾਵੰਤੀ ਅਤੇ ਅਮਰੀਕ ਸਿੰਘ ਦੀ ਪਿੰਡ ਸ਼ਾਦੀਪੁਰ, ਪਟਿਆਲਾ ਵਿਚ 25 ਏਕੜ ਜ਼ਮੀਨ ਸੀ, ਜੋ ਉਨ੍ਹਾਂ ਨੇ ਸਾਲ 2021 ਵਿਚ ਜਸਬੀਰ ਕੌਰ ਪਤਨੀ ਜੋਗਿੰਦਰ ਸਿੰਘ, ਪਿੰਡ ਰਾਵੜ ਅਤੇ ਰਾਜ ਕੌਰ ਪਤਨੀ ਸੁਖਵਿੰਦਰ ਸਿੰਘ ਪਿੰਡ ਪਿੱਪਲਾਂਵਾਲੀ, ਕਰਨਾਲ ਨੂੰ 4 ਕਰੋੜ 55 ਲੱਖ ਰੁਪਏ ਵਿਚ ਵੇਚੀ ਸੀ ਅਤੇ 55 ਲੱਖ ਰੁਪਏ ਬਿਆਨਾ ਲਿਆ ਸੀ। ਚੀਕਾ ਵਾਸੀ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਤਿੰਨ ਵਾਰ ਵੱਖ-ਵੱਖ ਮਿਤੀਆਂ 'ਤੇ ਪਟਿਆਲਾ ਤਹਿਸੀਲ 'ਚ ਗਿਆ, ਪਰ ਖਰੀਦਦਾਰ ਵੱਲੋਂ ਕੋਈ ਨਹੀਂ ਆਇਆ।

ਇਹ ਵੀ ਪੜ੍ਹੋ: ਅਤਿਵਾਦ ਫੰਡਿੰਗ ਮਾਮਲੇ ’ਚ ਫਰਾਰ ਅਮਰਬੀਰ ਸਿੰਘ ਦੀ ਜਾਇਦਾਦ ਕੁਰਕ, ਐਸਆਈਏ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਕੀਤੀ ਕਾਰਵਾਈ

ਨੋਟਿਸ ਦੇਣ ਤੋਂ ਬਾਅਦ ਵੀ ਜਦੋਂ ਜ਼ਮੀਨ ਦਾ ਖਰੀਦਦਾਰ ਰਜਿਸਟਰੀ ਕਰਵਾਉਣ ਲਈ ਨਹੀਂ ਆਇਆ ਤਾਂ ਅਮਰੀਕ ਸਿੰਘ ਪੱਖ ਨੇ ਆਪਣੀ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ, ਜਿਸ ਤੋਂ ਬਾਅਦ ਜਸਬੀਰ ਕੌਰ ਤੇ ਰਾਜ ਕੌਰ ਪੱਖ ਨੇ ਪਟਿਆਲਾ ਵਿਖੇ ਅਮਰੀਕ ਸਿੰਘ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ। ਇਸੇ ਦੌਰਾਨ ਏ.ਐਸ.ਆਈ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮਹਿਲਾ ਹੈੱਡ ਕਾਂਸਟੇਬਲ ਅਮਰਜੀਤ ਕੌਰ ਇਕ ਪ੍ਰਾਈਵੇਟ ਗੱਡੀ ਵਿਚ ਚੀਕਾ ਆਏ ਅਤੇ ਅਮਰੀਕ ਸਿੰਘ ਦੇ ਘਰ ਦੇ ਬਾਹਰ ਖੜ੍ਹ ਗਏ।  

ਇਹ ਵੀ ਪੜ੍ਹੋ: ਜਾਅਲੀ ਕਰੰਸੀ ਤਿਆਰ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਅਮਰੀਕ ਸਿੰਘ ਜਦੋਂ ਡਿਊਟੀ ’ਤੇ ਜਾਣ ਲਈ ਘਰੋਂ ਬਾਹਰ ਨਿਕਲਿਆ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਸ ਨੂੰ ਕਾਰ ਵਿਚ ਬੈਠਣ ਦੀ ਕੋਸ਼ਿਸ਼ ਕੀਤੀ। ਅਮਰੀਕ ਸਿੰਘ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਉਥੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਘੇਰ ਕੇ ਚੀਕਾ ਥਾਣੇ ਲੈ ਆਂਦਾ। ਇਸ ਮਾਮਲੇ ਨੂੰ ਲੈ ਕੇ ਕਾਫੀ ਦੇਰ ਤੱਕ ਚੀਕਾ ਥਾਣੇ ਵਿਚ ਪੰਚਾਇਤ ਚੱਲੀ ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਅਮਰੀਕ ਸਿੰਘ ਅਤੇ ਚਾਰ ਹੋਰਾਂ ਨੂੰ 10 ਦਿਨਾਂ ਦਾ ਨੋਟਿਸ ਦੇ ਕੇ ਪਟਿਆਲਾ ਥਾਣੇ ਵਿਚ ਪੇਸ਼ ਹੋਣ ਲਈ ਕਿਹਾ।