ਲੇਹ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ-ਕਸ਼ਮੀਰ ਦੇ ਦੌਰੇ 'ਤੇ ਸਨਿਚਰਵਾਰ ਨੂੰ ਲੇਹ ਪਹੁੰਚੇ। ਇੱਥੇ ਉਹ ਸ੍ਰੀਨਗਰ ਨੂੰ ਲੇਹ-ਲੱਦਾਖ ਨਾਲ ਜੋੜਨ ਵਾਲੀ ਜੋਜਿਲਾ ...
ਲੇਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ-ਕਸ਼ਮੀਰ ਦੇ ਦੌਰੇ 'ਤੇ ਸਨਿਚਰਵਾਰ ਨੂੰ ਲੇਹ ਪਹੁੰਚੇ। ਇੱਥੇ ਉਹ ਸ੍ਰੀਨਗਰ ਨੂੰ ਲੇਹ-ਲੱਦਾਖ ਨਾਲ ਜੋੜਨ ਵਾਲੀ ਜੋਜਿਲਾ ਸੁਰੰਗ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। 14 ਕਿਲੋਮੀਟਰ ਲੰਬੀ ਇਹ ਏਸ਼ੀਆ ਦੀ ਸਭ ਤੋਂ ਲੰਬੀ ਸੁਰੰਗ ਹੋਵੇਗੀ, ਜਿਸ ਨੂੰ ਬਣਾਉਣ ਲਈ ਸੱਤ ਸਾਲਾਂ ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਨੂੰ ਬਣਾਉਣ ਲਈ 6800 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਦੇ ਨਾਲ ਹੀ ਮੋਦੀ ਲੇਹ 'ਚ 19ਵੇਂ ਕੁਸ਼ੋਕ ਬਾਕੁਲਾ ਰਿਨਪੋਚੇ ਦੀ ਜਨਮ ਸ਼ਤਾਬਦੀ ਦੇ ਸਮਾਪਤੀ ਸਮਾਰੋਹ 'ਚ ਹਿੱਸਾ ਵੀ ਲੈਣਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਦੇਖਦਿਆਂ ਸੂਬੇ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੀਐਮ ਮੋਦੀ ਦੀ ਯਾਤਰਾ ਨੂੰ ਦੇਖਦੇ ਹੋਏ ਇੰਟਰਨੈੱਟ ਸੇਵਾ ਨੂੰ ਦਿਨ ਭਰ ਲਈ ਬੰਦ ਕਰ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਐਨਡੀਏ ਸਰਕਾਰ ਨੇ ਸਨਿਚਰਵਾਰ ਤੋਂ ਸ਼ੁਰੂ ਹੋਏ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਸਦਭਾਵਨਾ ਦੇ ਤੌਰ 'ਤੇ ਸ਼ਰਤਾਂ ਸਮੇਤ ਇਕਤਰਫ਼ਾ ਗੋਲੀਬੰਦੀ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ 330 ਮੈਗਾਵਾਟ ਦੀ ਕਿਸ਼ਨਗੰਗਾ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਦੇ ਕੰਮ ਦੀ ਨਿਗਰਾਨੀ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੀਤੀ ਗਈ ਸੀ। ਉਹ ਸ਼ਹਿਰ ਦੀ ਡੱਲ ਝੀਲ 'ਤੇ ਸਥਿਤ ਸ਼ੇਰ-ਏ-ਕਸ਼ਮੀਰ ਕਨਵੈਨਸ਼ਨ ਸੈਂਟਰ ਤੋਂ ਇਸ ਦਾ ਉਦਘਾਟਨ ਕਰਨਗੇ। ਸਮਾਗਮ ਸਥਾਨ ਨੇੜੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਸੜਕ 'ਤੇ ਰੋਕਾਂ ਲਗਾਈਆਂ ਗਈਆਂ ਹਨ ਕਿਉਂਕਿ ਵੱਖਵਾਦੀਆਂ ਨੇ ਕੱਲ ਲਾਲ ਚੌਕ ਚਲੋ ਦਾ ਸੱਦਾ ਦਿਤਾ ਸੀ।
ਟ੍ਰੈਫਿ਼ਕ ਪੁਲਿਸ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਪ੍ਰੋਗਰਾਮ ਸਥਾਨ ਤਕ ਜਾਣ ਵਾਲੇ ਸਾਰੇ ਰਸਤਿਆਂ ਨੂੰ ਕੱਲ ਦੁਪਹਿਰ ਤਕ ਬੰਦ ਕਰ ਦਿਤਾ ਗਿਆ ਹੈ, ਜਦ ਤਕ ਪ੍ਰਧਾਨ ਮੰਤਰੀ ਸ਼ਹਿਰ ਵਿਚ ਰਹਿਣਗੇ। ਰਾਜ ਪੁਲਿਸ ਦੀ ਨਦੀ ਪੁਲਿਸ ਸ਼ਾਖ਼ਾ, ਸੀਆਰਪੀਐਫ ਅਤੇ ਬੀਐਸਐਫ ਨੂੰ ਡੱਲ ਝੀਲ ਵਿਚ ਤਾਇਨਾਤ ਕੀਤਾ ਗਿਆ ਹੈ ਜਦਕਿ ਫ਼ੌਜ ਜਾਬੇਰਵਾਂ ਪਰਬਤੀ ਚੋਟੀ ਤੋਂ ਸਥਾਨ 'ਤੇ ਨਜ਼ਰ ਰੱਖੇਗੀ, ਜਿੱਥੇ ਮੋਦੀ ਸ੍ਰੀਨਗਰ ਦੇ 42 ਕਿਲੋਮੀਟਰ ਲੰਬੇ ਰਿੰਗ ਰੋਡ ਦਾ ਉਦਘਾਟਨ ਕਰਨਗੇ। ਇਸ ਦੀ ਲਾਗਤ 1860 ਕਰੋੜ ਰੁਪਏ ਹੈ।
ਇਥੋਂ ਪੀਐਮ ਮੋਦੀ ਜੰਮੂ ਲਈ ਰਵਾਨਾ ਹੋਣਗੇ, ਜਿੱਥੇ ਉਹ 2023 ਕਰੋੜ ਦੀ ਲਾਗਤ ਬਣਨ ਵਾਲੇ 58 ਕਿਲੋਮੀਟਰ ਲੰਬੇ ਜੰਮੂ ਰਿੰਗ ਰੋਡ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪੀਐਮ ਮੋਦੀ ਜੰਮੂ ਵਿਚ ਸ਼ੇਰ-ਏ-ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨੀਕ ਯੂਨੀਵਰਸਿਟੀ ਦੇ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰਨਗੇ ਅਤੇ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਮੈਟੇਰੀਅਲ ਰੋਪਵੇਅ ਅਤੇ ਤਾਰਕੋਟ ਮਾਰਗ ਦਾ ਉਦਘਾਟਨ ਕਰਨਗੇ।