ਲੋਕ ਸਭਾ ਚੋਣਾਂ 'ਚ ਵੋਟਾਂ ਦਾ ਕੰਮ ਸਿਰੇ ਚੜ੍ਹਿਆ, ਨਤੀਜੇ 23 ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਖ਼ਰੀ ਗੇੜ ਵਿਚ 61 ਫ਼ੀ ਸਦੀ ਮਤਦਾਨ ; ਬੰਗਾਲ ਤੇ ਪੰਜਾਬ ਵਿਚ ਝੜਪਾਂ, ਮਸ਼ੀਨਾਂ ਵਿਚ ਖ਼ਰਾਬੀ ਦੀਆਂ ਖ਼ਬਰਾਂ 

61 percent polling in final round

ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ 59 ਸੀਟਾਂ 'ਤੇ ਸਤਵੇਂ ਅਤੇ ਆਖ਼ਰੀ ਗੇੜ ਦੇ ਮਤਦਾਨ ਵਿਚ ਸ਼ਾਮ ਪੰਜ ਵਜੇ ਤਕ 61 ਫ਼ੀ ਸਦੀ ਵੋਟਰਾਂ ਨੇ ਅਪਣੇ ਹੱਕ ਵੀ ਵਰਤੋਂ ਕੀਤੀ। ਇਸ ਦੌਰਾਨ ਪਛਮੀ ਬੰਗਾਲ ਅਤੇ ਪੰਜਾਬ ਵਿਚ ਕੁੱਝ ਥਾਈਂ ਹਿੰਸਕ ਝੜਪਾਂ, ਕੁੱਝ ਮਤਦਾਨ ਕੇਂਦਰਾਂ 'ਤੇ ਵੋਟਿੰਗ ਮਸ਼ੀਨਾਂ ਵਿਚ ਖ਼ਰਾਬੀ ਅਤੇ ਚੋਣਾਂ ਦੇ ਬਾਈਕਾਟ ਦੀਆਂ ਖ਼ਬਰਾਂ ਮਿਲੀਆਂ ਹਨ। ਉਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸਤਵੇਂ ਦੌਰ ਵਾਲੀਆਂ 59 ਸੀਟਾਂ 'ਤੇ 64.63 ਫ਼ੀ ਸਦੀ ਵੋਟਿੰਗ ਹੋਈ ਸੀ।

ਸਿਨਹਾ ਨੇ ਦਸਿਆ ਕਿ ਸ਼ਾਮ ਪੰਜ ਵਜੇ ਤਕ ਪਛਮੀ ਬੰਗਾਲ ਦੀਆਂ ਨੌਂ ਲੋਕ ਸਭਾ ਸੀਟਾਂ 'ਤੇ ਸੱਭ ਤੋਂ ਜ਼ਿਆਦਾ 73.05 ਫ਼ੀ ਸਦੀ ਵੋਟਾਂ ਪਈਆਂ ਜਦਕਿ ਯੂਪੀ ਦੀਆਂ 13 ਸੀਟਾਂ 'ਤੇ 53.76 ਫ਼ੀ ਸਦੀ ਮਤਦਾਨ ਹੋਇਆ। ਸੱਤ ਗੇੜਾਂ ਵਿਚ ਲੋਕ ਸਭਾ ਦੀਆਂ 543 ਵਿਚੋਂ 542 ਸੀਟਾਂ 'ਤੇ ਮਤਦਾਨ ਹੋ ਚੁੱਕਾ ਹੈ। ਤਾਮਿਲਨਾਡੂ ਦੀ ਵੇਲੋਰ ਸੀਟ 'ਤੇ ਮਤਦਾਨ ਤੋਂ ਪਹਿਲਾਂ ਭਾਰੀ ਮਾਤਰਾ ਵਿਚ ਨਕਦੀ ਮਿਲਣ ਕਾਰਨ ਮਤਦਾਨ ਰੋਕ ਦਿਤਾ ਗਿਆ ਸੀ। ਫ਼ਿਲਹਾਲ ਮਤਦਾਨ ਦੀ ਤਰੀਕ ਤੈਅ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਗੇੜਾਂ ਵਿਚ ਮਤਦਾਨ ਆਮ ਤੌਰ 'ਤੇ ਸ਼ਾਂਤਮਈ ਰਿਹਾ। ਪਿਛਲੇ ਛੇ ਗੇੜਾਂ ਵਿਚ ਕੁਲ ਮਤਦਾਨ ਦਾ ਫ਼ੀ ਸਦੀ 67.34 ਰਿਹਾ। ਇਹ 2014 ਦੀ ਤੁਲਨਾ ਵਿਚ 1.21 ਫ਼ੀ ਸਦੀ ਜ਼ਿਆਦਾ ਹੈ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।

ਸਤਵੇਂ ਗੇੜ ਵਿਚ ਯੂਪੀ ਦੀਆਂ 13 ਸੀਟਾਂ, ਪੰਜਾਬ ਦੀਆਂ ਸਾਰੀਆਂ 13 ਸੀਟਾਂ, ਪਛਮੀ ਬੰਗਾਲ ਦੀਆਂ ਨੌਂ, ਬਿਹਾਰ ਤੇ ਮੱਧ ਪ੍ਰਦੇਸ਼ ਦੀਆਂ 8-8, ਹਿਮਾਚਲ ਪ੍ਰਦੇਸ਼ ਦੀਆਂ ਚਾਰ, ਝਾਰਖੰਡ ਦੀਆਂ ਤਿੰਨ ਅਤੇ ਚੰਡੀਗੜ੍ਹ ਦੀ ਇਕ ਸੀਟ 'ਤੇ ਵੋਟਾਂ ਪਈਆਂ। ਅਧਿਕਾਰੀਆਂ ਨੇ ਦਸਿਆ ਕਿ ਯੂਪੀ ਦੀਆਂ 13 ਲੋਕ ਸਭਾ ਸੀਟਾਂ ਲਈ ਦੁਪਹਿਰ 1 ਵਜੇ ਤਕ 36.44 ਫ਼ੀ ਸਦੀ ਮਤਦਾਨ ਹੋਇਆ। ਚੋਣ ਕਮਿਸ਼ਨ ਨੇ ਕਿਹਾ ਕਿ ਵਾਰਾਣਸੀ ਵਿਚ ਲਗਭਗ 23.10 ਫ਼ੀ ਸਦੀ ਜਦਕਿ ਗੋਰਖਪੁਰ ਵਿਚ 23.62 ਫ਼ੀ ਦਸੀ ਮਤਦਾਨ ਹੋਇਆ।

ਲੋਕ ਸਭਾ ਚੋਣਾਂ ਦੇ ਅੰਤਮ ਗੇੜ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 918 ਉਮੀਦਵਾਰ ਮੈਦਾਨ ਵਿਚ ਸਨ। ਪ੍ਰਮੁੱਖ ਉਮੀਦਵਾਰਾਂ ਵਿਚ ਸ਼ਤਰੂਘਣ ਸਿਨਹਾ, ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ, ਅਨੁਰਾਗ ਠਾਕੁਰ, ਭੋਜਪੁਰੀ ਅਦਾਕਾਰ ਰਵੀਕਿਸ਼ਨ, ਸਨੀ ਦਿਉਲ, ਸੁਖਬੀਰ ਬਾਦਲ, ਹਰਸਿਮਰਤ ਕੌਰ, ਸ਼ਿਬੂ ਸੋਰੇਨ ਅਤੇ ਪਵਨ ਕੁਮਾਰ ਬਾਂਸਲ ਸ਼ਾਮਲ ਸਨ। 

ਪਛਮੀ ਬੰਗਾਲ ਵਿਚ ਫਿਰ ਹਿੰਸਾ : ਪਛਮੀ ਬੰਗਾਲ ਵਿਚ ਹਿੰਸਕ ਝੜਪਾਂ ਦੀਆਂ ਖ਼ਬਰਾਂ ਮਿਲੀਆਂ ਹਨ। ਉੱਤਰ ਕੋਲਕਾਤਾ ਤੋਂ ਭਾਜਪਾ ਉਮੀਦਵਾਰ ਰਾਹੁਲ ਸਿਨਹਾ ਮੁਤਾਬਕ ਇਲਾਕੇ ਵਿਚ ਦੁਪਹਿਰ ਦੇ ਸਮੇਂ ਗਿਰੀਸ਼ ਪਾਰਕ ਲਾਗੇ ਦੇਸੀ ਬੰਬ ਸੁਟਿਆ ਗਿਆ ਜਦਕਿ ਪੁਲਿਸ ਨੇ ਕਿਹਾ ਕਿ ਇਲਾਕੇ ਵਿਚ ਪਟਾਕੇ ਚਲਾਏ ਗਏ ਅਤੇ ਮਤਦਾਨ ਸ਼ਾਂਤਮਈ ਰਿਹਾ। ਕੋਲਕਾਤਾ ਦਖਣੀ ਵਿਚ ਤ੍ਰਿਣਮੂਲ ਕਾਗਰਸ ਦੀ ਉਮੀਦਵਾਰ ਮਾਲਾ ਰਾਏ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮਤਦਾਨ ਕੇਂਦਰ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ। ਕੋਲਕਾਤਾ ਅਤੇ ਇਸ ਦੇ ਆਲੇ-ਦੁਆਲੇ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ। ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਕੇਂਦਰੀ ਬਲਾਂ ਦੁਆਰਾ ਮਤਦਾਨ ਕੇਂਦਰਾਂ ਦੇ ਬਾਹਰ ਵੋਟਰਾਂ ਨੂੰ ਡਰਾਇਆ ਗਿਆ। ਭਾਜਪਾ ਉਮੀਦਵਾਰ ਨੀਲਾਜਨ ਰਾਏ ਨੇ ਦੋਸ਼ ਲਾਇਆ ਕਿ ਬਜਬਜ ਇਲਾਕੇ ਵਿਚ ਉਸ ਦੀ ਕਾਰ ਦੀ ਭੰਨਤੋੜ ਕੀਤੀ ਗਈ। ਪੰਜਾਬ ਵਿਚ ਲੁਧਿਆਣਾ, ਸਮਾਣਾ ਅਤੇ ਮੋਗਾ ਸਮੇਤ ਕਈ ਥਾਵਾਂ 'ਤੇ ਈਵੀਐਮ ਵਿਚ ਤਕਨੀਕੀ ਖ਼ਾਮੀ ਦੀਆਂ ਖ਼ਬਰਾਂ ਮਿਲੀਆਂ। ਸ਼ਾਮ ਪੰਜ ਵਜੇ ਤਕ 54 ਫ਼ੀ ਸਦੀ ਮਤਦਾਨ ਹੋਇਆ ਹੈ। ਪਛਮੀ ਬੰਗਾਲ ਵਿਚ ਹਿੰਸਾ ਦੇ ਬਾਵਜੂਦ ਸੱਭ ਤੋਂ ਜ਼ਿਆਦਾ ਵੋਟਿੰਗ ਹੋਇੀ ਹੈ। ਝਾਰਖੰਡ ਵਿਚ 66 ਫ਼ੀ ਸਦੀ ਮਤਦਾਨ ਹੋਇਆ। 

ਬੰਗਾਲ ਵਿਚ ਕੇਂਦਰੀ ਬਲ ਤੈਨਾਤ ਰੱਖੇ ਜਾਣ : ਸੀਤਾਰਮਣ
ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ, 'ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਜਰੀ ਸ਼ੁਰੂ ਤੋਂ ਹੀ ਧਮਕੀ ਦਿੰਦੀ ਰਹੀ ਹੈ, ਇਸ ਲਈ ਸਾਨੂੰ ਡਰ ਹੈ ਕਿ ਮਤਦਾਨ ਖ਼ਤਮ ਹੋਣ ਮਗਰੋਂ ਟੀਐਮਸੀ ਕਤਲੇਆਮ ਸ਼ੁਰੂ ਨਾ ਕਰ ਦੇਵੇ। ਇਸ ਲਈ ਚੋਣ ਕਮਿਸ਼ਨ ਕੋਲੋਂ ਸਾਡੀ ਮੰਗ ਹੈ ਕਿ ਚੋਣ ਜ਼ਾਬਤਾ ਖ਼ਤਮ ਹੋਣ ਤਕ ਇਥੇ ਕੇਂਦਰੀ ਬਲ ਤੈਨਾਤ ਕੀਤੇ ਰਹਿਣ। ਉਧਰ, ਤ੍ਰਿਣਮੂਲ ਕਾਂਗਰਸ ਨੇ ਕੇਂਦਰੀ ਸੁਰੱਖਿਆ ਬਲਾਂ 'ਤੇ ਵੋਟਰਾਂ ਨੂੰ ਧਮਕਾਉਣ ਦਾ ਦੋਸ਼ ਲਾਇਆ। ਪਾਰਟੀ ਨੇ ਕਿਹਾ ਕਿ ਸੁਰੱਖਿਆ ਬਲ ਪਛਮੀ ਬੰਗਾਲ ਵਿਚ ਭਾਜਪਾ ਆਗੂਆਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ। 

ਦੁਨੀਆਂ ਦੇ ਸੱਭ ਤੋਂ ਉੱਚੇ ਮਤਦਾਨ ਕੇਂਦਰ 'ਤੇ ਦੋ ਘੰਟਿਆਂ 'ਚ 53 ਫ਼ੀ ਸਦੀ ਮਤਦਾਨ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਦੁਨੀਆਂ ਦੇ ਸੱਭ ਤੋਂ ਉੱਚੇ ਮਤਦਾਨ ਕੇਂਦਰ ਤਾਸ਼ੀਗਾਂਗ ਪਿੰਡ ਵਿਚ ਮਤਦਾਨ ਸ਼ੁਰੂ ਹੋਣ ਦੇ ਪਹਿਲੇ ਦੋ ਘੰਟਿਆਂ ਵਿਚ ਹੀ 53 ਫ਼ੀ ਸਦੀ ਮਤਦਾਨ ਹੋ ਚੁਕਾ ਸੀ। ਰਾਜ ਦੇ ਚੋਣ ਅਧਿਕਾਰੀ ਨੇ ਦਸਿਆ ਕਿ ਮਤਦਾਨ ਕੇਂਦਰ 15,256 ਫ਼ੁਟ ਦੀ ਉਚਾਈ 'ਤੇ ਪੈਂਦਾ ਹੈ। ਚੋਣ ਅਧਿਕਾਰੀ ਹਰਬੰਸ ਲਾਲ ਧੀਮਾਨ ਨੇ ਦਸਿਆ ਕਿ ਲਾਹੌਲ-ਸਪਿਤੀ ਜ਼ਿਲ੍ਹੇ ਵਿਚ ਤਾਸ਼ੀਗਾਂਗ ਮਤਦਾਨ ਕੇਂਦਰ 'ਤੇ 49 ਪੰਜੀਕ੍ਰਿਤ ਵੋਟਰ ਹਨ। ਉਨ੍ਹਾਂ ਕਿਹਾ ਕਿ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ ਜਦ ਤਾਪਮਾਨ ਮਨਫ਼ੀ ਬਿੰਦੂ ਤੋਂ ਹੇਠਾਂ ਸੀ। ਮਤਦਾਤਾ ਸਖ਼ਤ ਠੰਢ ਵਿਚ ਅਪਣੇ ਰਵਾਇਤੀ ਕਪੜਿਆਂ ਵਿਚ ਮਤਦਾਨ ਕੇਂਦਰ 'ਤੇ ਆਏ।