ਮਨੀਸ਼ ਸਿਸੋਦੀਆ ਨੇ ਕਿਹਾ, ‘ਭਾਜਪਾ ਨੂੰ ਬੱਚਿਆਂ ਦੀ ਨਹੀਂ, ਸਿੰਗਾਪੁਰ ਦੀ ਚਿੰਤਾ ਹੈ’
ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ਦੇ ਬੱਚਿਆਂ ਦੀ ਨਹੀਂ ਬਲਕਿ ਸਿੰਗਾਪੁਰ ਦੀ ਚਿੰਤਾ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਬਹੁਤ ਘਟੀਆ ਸਿਆਸਤ ਸ਼ੁਰੂ ਕੀਤੀ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ‘ਸਿੰਗਾਪੁਰ ਵੇਰੀਐਂਟ’ ਵਾਲੇ ਬਿਆਨ ਤੋਂ ਬਾਅਦ ਪੈਦਾ ਹੋਵੇ ਵਿਵਾਦ ’ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ਦੇ ਬੱਚਿਆਂ ਦੀ ਨਹੀਂ ਬਲਕਿ ਸਿੰਗਾਪੁਰ ਦੀ ਚਿੰਤਾ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਬਹੁਤ ਘਟੀਆ ਸਿਆਸਤ ਸ਼ੁਰੂ ਕੀਤੀ ਹੈ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦੋ ਗੱਲਾਂ ’ਤੇ ਚਿੰਤਾ ਜ਼ਾਹਿਰ ਕੀਤੀ ਸੀ, ਇਕ ਸਿੰਗਾਪੁਰ ਵੇਰੀਐਂਟ ਤੇ ਦੂਜਾ ਬੱਚਿਆਂ ਦੀ ਸੁਰੱਖਿਆ। ਉਹਨਾਂ ਕਿਹਾ ਅੱਜ ਜੋ ਭਾਜਪਾ ਦੀ ਪ੍ਰਤੀਕਿਰਿਆ ਆਈ ਹੈ, ਉਸ ਤੋਂ ਸਾਫ ਹੋ ਗਿਆ ਕਿ ਕੇਜਰੀਵਾਲ ਨੂੰ ਬੱਚਿਆਂ ਦੀ ਚਿੰਤਾ ਹੈ ਤੇ ਭਾਜਪਾ ਨੂੰ ਸਿੰਗਾਪੁਰ ਦੀ।
ਉਪ ਮੁੱਖ ਮੰਤਰੀ ਨੇ ਕਿਹਾ ਕਿ, ‘ਲੰਡਨ ਵਿਚ ਨਵਾਂ ਸਟ੍ਰੇਨ ਆਇਆ ਸੀ, ਜਿਸ ਬਾਰੇ ਵਿਗਿਆਨੀਆਂ ਤੇ ਡਾਕਟਰਾਂ ਨੇ ਸੁਚੇਤ ਕੀਤਾ ਸੀ। ਭਾਰਤ ਸਰਕਾਰ ਨੇ ਸਮੇਂ ਸਿਰ ਕਦਮ ਨਹੀਂ ਚੁੱਕੇ ਤੇ ਅੱਜ ਉਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਦੱਸ ਦਈਏ ਕਿ ਸਿੰਗਾਪੁਰ ਦੇ ਇਤਰਾਜ਼ ਤੋਂ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿੰਗਾਪੁਰ ਨਾਲ ਭਾਰਤ ਦੇ ਸੰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ "ਭਾਰਤ ਲਈ ਨਹੀਂ ਬੋਲਦੇ"।
ਉਹਨਾਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਵਲੋਂ ਦਿੱਤੇ ਬਿਆਨ ਨਾਲ ਭਾਰਤ-ਸਿੰਗਾਪੁਰ ਦੇ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਅਰਵਿੰਦ ਕੇਜਰੀਵਾਲ ਨੇ ਭਾਰਤ ਸਰਕਾਰ ਨੂੰ ਸਿੰਗਾਪੁਰ ਨਾਲ ਹੋਣ ਵਾਲੀਆਂ ਸਾਰੀਆਂ ਹਵਾਈ ਸੇਵਾਵਾਂ ਨੂੰ ਤੁਰੰਤ ਰੱਦ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਸਿੰਗਾਪੁਰ ਦਾ ਨਵਾਂ ਵੇਰੀਐਂਟ ਬੱਚਿਆਂ ਲਈ "ਖ਼ਤਰਨਾਕ" ਹੋ ਸਕਦਾ ਹੈ।