300 ਤੋਂ ਜ਼ਿਆਦਾ ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰਨ ਵਾਲਾ Warrior ਹਾਰਿਆ ਕੋਰੋਨਾ ਦੀ ਜੰਗ
ਕੋਰੋਨਾ ਪੀੜਤ ਹੋਣ ਤੋਂ ਬਾਅਦ ਤਿੰਨ ਘੰਟਿਆਂ ਤੱਕ ਨਹੀਂ ਮਿਲਿਆ ਹਸਪਤਾਲ ਵਿਚ ਬੈੱਡ
ਹਿਸਾਰ: ਕੋਰੋਨਾ ਕਾਲ ਦੌਰਾਨ ਦੇਸ਼ ਵਿਚ ਕਈ ਲੋਕ ਕੋਰੋਨਾ ਪੀੜਤਾਂ ਦੀ ਮਦਦ ਲਈ ਸਖ਼ਤ ਮਿਹਨਤ ਕਰ ਰਹੇ ਹਨ। ਕਈ ਲੋਕ ਅਜਿਹੇ ਵੀ ਹਨ ਜੋ ਪੀੜਤਾਂ ਦੀ ਮਦਦ ਕਰਦੇ ਕਰਦੇ ਖੁਦ ਵੀ ਕੋਰੋਨਾ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਜ਼ਿੰਦਗੀ ਦੀ ਜੰਗ ਹਾਰ ਜਾਂਦੇ ਹਨ। ਇਸੇ ਤਰ੍ਹਾਂ ਹਰਿਆਣਾ ਦੇ ਹਿਸਾਰ ਵਿਚ 300 ਤੋਂ ਜ਼ਿਆਦਾ ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸਸਕਾਰ ਕਰਨ ਵਾਲੇ ਪ੍ਰਵੀਨ ਕੁਮਾਰ ਕੋਰੋਨਾ ਦੀ ਜੰਗ ਹਾਰ ਗਏ।
ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਵੀਨ ਕੁਮਾਰ ਨੂੰ ਕੋਰੋਨਾ ਪੀੜਤ ਹੋਣ ਤੋਂ ਬਾਅਦ 3 ਘੰਟਿਆਂ ਤੱਕ ਹਸਪਤਾਲ ਵਿਚ ਬੈੱਡ ਨਹੀਂ ਮਿਲਿਆ। ਕਈ ਕੋਸ਼ਿਸ਼ਾਂ ਤੋਂ ਬਾਅਦ ਉਹਨਾਂ ਨੂੰ ਇਕ ਨਿੱਜੀ ਹਸਪਾਤਾਲ ਵਿਚ ਬੈੱਡ ਮਿਲਿਆ। ਦੱਸ ਦਈਏ ਕਿ 43 ਸਾਲਾ ਪ੍ਰਵੀਨ ਕੁਮਾਰ ਕੋਰੋਨਾ ਮਰੀਜ਼ਾਂ ਦੇ ਅੰਤਿਮ ਸਸਕਾਰ ਲਈ ਨਗਰ ਨਿਗਮ ਵੱਲੋਂ ਬਣਾਈ ਟੀਮ ਦੇ ਮੁਖੀ ਸਨ। ਕੋਰੋਨਾ ਪੀੜਤ ਹੋਣ ਤੋਂ ਦੋ ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ, ਉਹਨਾਂ ਦਾ ਆਕਸੀਜਨ ਪੱਧਰ 40 ਤੱਕ ਪਹੁੰਚ ਗਿਆ ਸੀ।
ਬੁਲਾਰੇ ਨੇ ਦੱਸਿਆ, "ਉਹਨਾਂ ਨੇ ਪਿਛਲੇ ਸਾਲ ਤੋਂ ਹੁਣ ਤੱਕ 300 ਤੋਂ ਵੱਧ ਕੋਵਿਡ ਮ੍ਰਿਤਕਾਂ ਦਾ ਅੰਤਮ ਸਸਕਾਰ ਕੀਤਾ ਸੀ। ਦੋ ਦਿਨ ਪਹਿਲਾਂ ਉਹਨਾਂ ਦਾ ਟੈਸਟ ਪਾਜ਼ੇਟਿਵ ਆਇਆ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਆਕਸੀਜਨ ਪੱਧਰ ਡਿੱਗਦਾ ਰਿਹਾ ਤੇ ਸੋਮਵਾਰ ਨੂੰ ਉਹਨਾਂ ਦੀ ਮੌਤ ਹੋ ਗਈ।" ਜ਼ਿਕਰਯੋਗ ਹੈ ਕਿ ਪ੍ਰਵੀਨ ਕੁਮਾਰ ਮਿਉਂਸਪਲ ਕਾਰਪੋਰੇਸ਼ਨ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵੀ ਸਨ।