ਚੇਨਈ ਨੂੰ ਨਹੀਂ ਨਸੀਬ ਹੋ ਰਿਹਾ ਪਾਣੀ, ਸਪਲਾਈ ਵਿਚ 40 ਫੀਸਦੀ ਦੀ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਿਆਨਕ ਗਰਮੀ ਵਿਚ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਨੂੰ ਸਹੀ ਢੰਗ ਨਾਲ ਪਾਣੀ ਨਸੀਬ ਨਹੀਂ ਹੋ ਰਿਹਾ ਹੈ।

Chennai water crisis

ਚੇਨਈ: ਭਿਆਨਕ ਗਰਮੀ ਵਿਚ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਨੂੰ ਸਹੀ ਢੰਗ ਨਾਲ ਪਾਣੀ ਨਸੀਬ ਨਹੀਂ ਹੋ ਰਿਹਾ ਹੈ। ਕਿਉਂਕਿ ਪਾਈਪ-ਲਾਈਨ ਤੋਂ ਆਉਣ ਵਾਲੇ ਪਾਣੀ ਦੀ ਪੂਰਤੀ ਵਿਚ ਚਾਲੀ ਫੀਸਦੀ ਕਟੌਤੀ ਕਰ ਦਿੱਤੀ ਗਈ ਹੈ। ਸ਼ਹਿਰ ਦੇ ਚਾਰ ਜਲ ਭਡਾਰ ਸੁੱਕ ਗਏ ਹਨ। ਚੇਨਈ ਮੈਟਰੋ ਵਾਟਰ ਏਜੰਸੀ ਪਾਈਪ ਦੇ ਜ਼ਰੀਏ ਦਿਨ ਵਿਚ ਸਿਰਫ਼ 525 ਮਿਲੀਅਨ ਲੀਟਰ ਦੀ ਪੂਰਤੀ ਕਰਦੀ ਹੈ। ਜਦਕਿ ਸ਼ਹਿਰ ਨੂੰ ਹਰ ਦਿਨ 800 ਮਿਲੀਅਨ ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ।

ਅਜਿਹੇ ਵਿਚ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਿਚ ਰਹਿਣ ਵਾਲੀ ਇਕ ਔਰਤ ਪੁਨੀਤਾ ਅਪਣੇ ਦੋ ਬੱਚਿਆਂ ਸਮੇਤ ਰਹਿੰਦੀ ਹੈ। ਉਹਨਾਂ ਨੂੰ ਸਰਕਾਰੀ ਟੈਂਕਰ ਤੋਂ ਥੋੜਾ ਜਿਹਾ ਪਾਣੀ ਲੈਣ ਲਈ ਹਰ ਦੋ ਦਿਨਾਂ ਵਿਚ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਹਨਾਂ ਨੂੰ ਅਪਣੇ ਪਰਿਵਾਰ ਦੇ ਚਾਰ ਮੈਂਬਰਾਂ ਲਈ ਹਰ ਦੋ ਦਿਨਾਂ ਵਿਚ ਸਿਰਫ਼ ਸੱਤ ਭਾਂਡੇ ਭਰ ਕੇ ਪਾਣੀ ਮਿਲਦਾ ਹੈ।

ਪੁਨੀਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਸਕੂਲ ਅਤੇ ਕਾਲਜ ਨਹੀਂ ਜਾ ਰਹੇ। ਉਹਨਾਂ ਨੂੰ ਪਾਣੀ ਇਕੱਠਾ ਕਰਦਿਆਂ ਨੂੰ ਹੀ ਦੁਪਹਿਰ ਦੇ ਇਕ-ਦੋ ਵੱਜ ਜਾਂਦੇ ਹਨ। ਪੀਣ ਵਾਲਾ ਪਾਣੀ ਮੁਸ਼ਕਿਲ ਨਾਲ ਮਿਲਣ ਕਾਰਨ ਉਹਨਾਂ ਨੂੰ ਨਹਾਉਣ ਅਤੇ ਕੱਪੜੇ ਧੋਣ ਲਈ ਕਾਫ਼ੀ ਮੁਸ਼ਕਿਲ ਆਉਂਦੀ ਹੈ। ਅਜਿਹੇ ਵਿਚ ਬਿਮਾਰੀਆਂ ਦਾ ਖ਼ਤਰਾ ਵਧ ਰਿਹਾ ਹੈ।

ਸੂਬੇ ਦੇ ਇਕ ਪ੍ਰਸਿੱਧ ਹੋਟਲ ਨੇ ਪਾਣੀ ਦੀ ਕਮੀਂ ਕਾਰਨ ਦੁਪਹਿਰ ਦਾ ਖਾਣਾ ਬਣਾਉਣਾ ਹੀ ਬੰਦ ਕਰ ਦਿੱਤਾ ਹੈ। ਹੋਟਲ ਦੇ ਮੈਨੇਜਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਣੀ ਦੀ ਭਾਰੀ ਕਮੀਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਨਈ ਦੇ ਜ਼ਿਆਦਾਤਰ ਨਿਵਾਸੀ ਹੁਣ ਨਿੱਜੀ ਪਾਣੀ ਦੇ ਟੈਂਕਰਾਂ ‘ਤੇ ਨਿਰਭਰ ਹਨ, ਜੋ ਕਿ ਪਹਿਲਾਂ ਤੋਂ ਹੀ ਮਹਿੰਗਾ ਹੈ ਅਤੇ ਹੁਣ ਇਸ ਦੀ ਕੀਮਤ ਦੁੱਗਣੀ ਹੋ ਗਈ ਹੈ। ਚੇਨਈ ਦੇ ਆਈਟੀ ਕੋਰੀਡੋਰ ਦੇ ਨਾਲ ਕਈ ਪਾਰਕਾਂ ਆਦਿ ਵਿਚ ਪਾਣੀ ਨਾ ਮਿਲਣ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ।