ਮੰਦਰ ਵਿਚ ਚੋਰੀ ਦੇ ਸ਼ੱਕ ‘ਚ ਦਲਿਤ ਬੱਚੇ ਦੀ ਕੁੱਟਮਾਰ
ਮਹਾਰਾਸ਼ਟਰਾ ਦੇ ਵਰਧਾ ਵਿਚ ਚੋਰੀ ਦੇ ਸ਼ੱਕ ਵਿਚ ਅੱਠ ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਕਈ ਘੰਟਿਆਂ ਤੱਕ ਗਰਮ ਫ਼ਰਸ਼ ‘ਤੇ ਬਿਠਾਇਆ ਗਿਆ।
ਵਰਧਾ: ਮਹਾਰਾਸ਼ਟਰਾ ਦੇ ਵਰਧਾ ਵਿਚ ਚੋਰੀ ਦੇ ਸ਼ੱਕ ਵਿਚ ਅੱਠ ਸਾਲ ਦੇ ਬੱਚੇ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਕਈ ਘੰਟਿਆਂ ਤੱਕ ਗਰਮ ਫ਼ਰਸ਼ ‘ਤੇ ਬਿਠਾਇਆ ਗਿਆ। ਗਰਮੀ ਵਿਚ ਗਰਮ ਫ਼ਰਸ਼ ‘ਤੇ ਬੈਠਣ ਕਾਰਨ ਬੱਚੇ ਦੀ ਹਾਲਤ ਖ਼ਰਾਬ ਹੋ ਗਈ ਹੈ ਅਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਕ ਰਿਪੋਰਟ ਮੁਤਾਬਕ ਬੱਚਾ ਦਲਿਤ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਅਤੇ ਮੁਲਜ਼ਮ ਵਿਰੁੱਧ ਅਨੁਸੂਚਿਤ ਜਾਤੀ/ ਅਨੁਸੂਚਿਤ ਕਬੀਲੇ ਅੱਤਿਆਚਾਰ ਰੋਕੂ ਕਾਨੂੰਨ (Scheduled Castes / Scheduled Tribes Atrocities Prevention Act) ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਅਮੋਲ ਢੋਰੇ (32) ਦੇ ਰੂਪ ਵਿਚ ਕੀਤੀ ਗਈ ਹੈ।
ਰਿਪੋਰਟ ਮੁਤਾਬਕ ਬੱਚਾ ਵਰਧਾ ਦੇ ਅਰਵੀ ਵਿਚ ਮੰਦਰ ਦੇ ਕੈਂਪਸ ‘ਚ ਖੇਡ ਰਿਹਾ ਸੀ, ਅਮੋਲ ਨੇ ਉਸ ‘ਤੇ ਦਾਨਪੇਟੀ ਵਿਚੋਂ ਸਿੱਕੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਅਮੋਲ ਨੇ ਬੱਚੇ ਦੇ ਹੱਥ ਅਤੇ ਪੈਰ ਬੰਨ ਦਿੱਤੇ ਅਤੇ ਉਸ ਨੂੰ ਧੁੱਪ ਵਿਚ ਗਰਮ ਫ਼ਰਸ਼ ‘ਤੇ ਬੈਠਣ ਲਈ ਮਜਬੂਰ ਕੀਤਾ। ਜਦੋਂ ਬੱਚੇ ਦੇ ਪਿਤਾ ਨੂੰ ਇਸ ਘਟਨਾ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਅਰਵੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਇਕ ਰਿਪੋਰਟ ਮੁਤਾਬਕ ਬੱਚੇ ਦਾ ਕਹਿਣਾ ਹੈ ਕਿ ਉਹ ਪਾਣੀ ਪੀਣ ਗਿਆ ਸੀ। ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕਰਕੇ ਉਸ ਦੇ ਹੱਥ-ਪੈਰ ਬੰਨ ਕੇ ਉਸ ਨੂੰ ਗਰਮ ਫ਼ਰਸ਼ ‘ਤੇ ਬਿਠਾ ਦਿੱਤਾ ਗਿਆ। ਜਿਸ ਤੋਂ ਬਾਅਦ ਕਿਸੇ ਤਰ੍ਹਾਂ ਉਹ ਉਥੋਂ ਬਚ ਕੇ ਭੱਜ ਗਿਆ।
ਸਮਾਜਕ ਕਰਮਚਾਰੀਆਂ ਅਤੇ ਵਿਰੋਧੀ ਧਿਰਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਵਿਰੋਧੀ ਧਿਰ ਦੇ ਆਗੂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਹੁਤ ਹੀ ਗੰਭੀਰ ਅਪਰਾਧ ਹੈ। ਉਹਨਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਵਿਚ ਚੁੱਕਣਗੇ। ਮਹਿਲਾ ਅਤੇ ਬਾਲ ਭਲਾਈ ਮੰਤਰੀ ਪੰਕਜਾ ਮੁੰਡੇ ਨੇ ਕਿਹਾ ਕਿ ਸੂਬਾ ਸਰਕਾਨ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।