ਇੰਗਲੈਂਡ ਵਿਚ ਦਲਿਤ ਵਿਦਿਆਰਥੀ ਨੇ ਲਗਾਇਆ ਭੇਦਭਾਵ ਦਾ ਇਲਜ਼ਾਮ
ਅਮਰੀਕਾ ਵਿਚ ਜਾਤ ਦੇ ਨਾਂਅ ‘ਤੇ ਹੋਣ ਵਾਲੇ ਭੇਦਭਾਵ ਦਾ ਮੁੱਦਾ ਸੋਸ਼ਲ ਮੀਡੀਆ ‘ਤੇ ਚੁੱਕ ਕੇ ਭਾਰਤੀ ਵਿਦਿਆਰਥੀ ਸੂਰਜ ਯੋਗਿੰਦਰ ਚਰਚਾ ਵਿਚ ਹਨ।
ਵਾਸ਼ਿੰਗਟਨ: ਅਮਰੀਕਾ ਵਿਚ ਜਾਤ ਦੇ ਨਾਂਅ ‘ਤੇ ਹੋਣ ਵਾਲੇ ਭੇਦਭਾਵ ਦਾ ਮੁੱਦਾ ਸੋਸ਼ਲ ਮੀਡੀਆ ‘ਤੇ ਚੁੱਕ ਕੇ ਭਾਰਤੀ ਵਿਦਿਆਰਥੀ ਸੂਰਜ ਯੋਗਿੰਦਰ ਚਰਚਾ ਵਿਚ ਹਨ। ਸੂਰਜ ਨੇ ਮੈਡੀਕਲ ਵਿਦਿਆਰਥਣ ਡਾਕਟਰ ਪੱਲਵੀ ਦਾ ਉਦਾਹਰਣ ਦਿੰਦੇ ਹੋਏ ਅਪਣੀ ਕਹਾਣੀ ਲਿਖੀ ਹੈ। ਸ਼ੂਰਜ ਮਹਾਰਾਸ਼ਟਰ ਦੇ ਨਾਂਦੇੜ ਇਲਾਕੇ ਦਾ ਰਹਿਣ ਵਾਲਾ ਹੈ। ਉਹਨਾਂ ਨੇ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ ਅਤੇ ਉਹ ਹੁਣ ਹਾਰਵਾਰਡ ਯੂਨਿਵਰਸਿਟੀ ਵਿਚ ਖੋਜਾਰਥੀ ਹਨ।
ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ ਵਿਚ ਰਹਿ ਕੇ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀ ਆਪਸ ਵਿਚ ਜਾਤ ਦੇ ਅਧਾਰ ‘ਤੇ ਵਰਤਾਓ ਕਰਦੇ ਹਨ। ਪੀੜਤ ਸੂਰਜ ਯੋਗਿੰਦਰ ਨੇ ਸੋਸ਼ਲ ਮੀਡੀਆ ‘ਤੇ ਅਪਣੀ ਕਹਾਣੀ ਲਿਖੀ ਹੈ ਕਿ ਉਹਨਾਂ ਵਰਗੇ ਦਲਿਤ ਵਿਦਿਆਰਥੀ ਜਦੋਂ ਵਿਦੇਸ਼ਾਂ ਵਿਚ ਹੋਰ ਭਾਰਤੀ ਵਿਦਿਆਰਥੀਆਂ ਨੂੰ ਮਿਲਦੇ ਹਨ ਤਾਂ ਉਹਨਾਂ ਨੂੰ ਰਾਖਵੇਂਕਰਨ ਦਾ ਤਾਅਨਾ ਦਿੱਤਾ ਜਾਂਦਾ ਹੈ। ਸੂਰਜ ਦਾ ਕਹਿਣਾ ਹੈ ਕਿ ਇੰਗਲੈਂਡ ਵਿਚ ਪੜ੍ਹਾਈ ਦੌਰਾਨ ਉਹਨਾਂ ਨੂੰ ਵੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ।
ਐਮਫਿਲ ਕਰ ਰਹੇ ਕੁੱਝ ਵਿਦਿਆਰਥੀਆਂ ਨੂੰ ਜਦੋਂ ਸੋਸ਼ਲ ਮੀਡੀਆ ਨਾਲ ਜੁੜ ਕੇ ਸੂਰਜ ਦੀ ਜਾਤ ਪਤਾ ਲੱਗੀ ਤਾਂ ਉਹਨਾਂ ਨੇ ਜਾਤ ਦੇ ਨਾਂਅ ‘ਤੇ ਟਿੱਪਣੀ ਕਰਨਾ ਸ਼ੁਰੂ ਕਰ ਦਿੱਤਾ। ਸੂਰਜ ਦਾ ਕਹਿਣਾ ਹੈ ਕਿ ਉਹਨਾਂ ਨੇ ਸਥਾਨਕ ਪੁਲਿਸ ਤੋਂ ਵੀ ਮਦਦ ਮੰਗੀ ਸੀ। ਪਰ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦੀ ਸਮੱਸਿਆ ਨਾ ਪੈਦਾ ਹੋਵੇ ਤਾਂ ਇਸ ਲਈ ਉਹਨਾਂ ਨੇ ਕਾਰਵਾਈ ਨਹੀਂ ਕਰਵਾਈ।