ਫਿਰ ਵਿਗੜੀ ਸਤੇਂਦਰ ਜੈਨ ਦੀ ਸਿਹਤ, ਆਕਸੀਜਨ ਸਪੋਰਟ ‘ਤੇ ਰੱਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨਾਲ ਸੰਕਰਮਿਤ ਕੇਜਰੀਵਾਲ ਕੈਬਨਿਟ ਦੇ ਅਹਿਮ ਮੰਤਰੀ ਸਤੇਂਦਰ ਜੈਨ ਦੀ ਸਿਹਤ ਅਚਾਨਕ ਵਿਗੜ ਗਈ ਹੈ।

Satyendar Jain

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਸੰਕਰਮਿਤ ਕੇਜਰੀਵਾਲ ਕੈਬਨਿਟ ਦੇ ਅਹਿਮ ਮੰਤਰੀ ਸਤੇਂਦਰ ਜੈਨ ਦੀ ਸਿਹਤ ਅਚਾਨਕ ਵਿਗੜ ਗਈ ਹੈ। ਜਾਣਕਾਰੀ ਮੁਤਾਬਕ ਉਹਨਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਉਹਨਾਂ ਵਿਚ ਨਿਮੋਨੀਆ ਦਾ ਆਸਾਰ ਵਧ ਰਿਹਾ ਹੈ। ਇਸ ਤੋਂ ਬਾਅਦ ਉਹਨਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ।

ਉਹਨਾਂ ਦਾ ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੋ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਏ ਗਏ ਸੀ।  ਜ਼ਿਕਰਯੋਗ ਹੈ ਕਿ ਤੇਜ਼ ਬੁਖ਼ਾਰ ਤੇ ਸਾਹ ਲੈਣ ਵਿਚ ਤਕਲੀਫ਼ ਕਾਰਨ ਸਤੇਂਦਰ ਜੈਨ ਦਾ ਕੋਰੋਨਾ ਟੈਸਟ ਹੋਇਆ ਸੀ ਜਿਸ ਵਿਚ ਉਹਨਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।  ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 13 ਹਜ਼ਾਰ 586 ਨਵੇਂ ਕੇਸ ਸਾਹਮਣੇ ਆਏ ਹਨ ਅਤੇ 336 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਮਰੀਜ਼ਾਂ ਦੀ ਕੁਲ ਗਿਣਤੀ 3 ਲੱਖ 80 ਹਜ਼ਾਰ 532 ਹੋ ਗਈ ਹੈ।

ਕੋਰੋਨਾ ਨਾਲ ਹੁਣ ਤੱਕ 12 ਹਜ਼ਾਰ 573 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ  ਹੈ ਕਿ ਪਿਛਲੇ 24 ਘੰਟਿਆਂ ਵਿਚ 10 ਹਜ਼ਾਰ 386 ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਤੋਂ ਜੰਗ ਜਿੱਤਣ ਵਾਲੇ ਕੁੱਲ ਲੋਕਾਂ ਦੀ ਗਿਣਤੀ 2 ਲੱਖ 4 ਹਜ਼ਾਰ 711 ਹੋ ਗਈ ਹੈ। ਇਸ ਸਮੇਂ ਦੇਸ਼ ਵਿਚ 1 ਲੱਖ 63 ਹਜ਼ਾਰ 248 ਐਕਟਿਵ ਕੇਸ ਹਨ।