ਮਣੀਪੁਰ : ਗੋਲੀਬਾਰੀ ’ਚ ਫ਼ੌਜ ਦਾ ਜਵਾਨ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਣਪਛਾਤੇ ਲੋਕਾਂ ਨੇ ਚਿਨਮਾਂਗ ਪਿੰਡ ਦੇ ਤਿੰਨ ਘਰਾਂ ਨੂੰ ਅੱਗ ਲਾਈ

representational Image

ਇੰਫ਼ਾਲ: ਮਣੀਪੁਰ ਦੇ ਇੰਫ਼ਾਲ ਵੈਸਟ ਜ਼ਿਲ੍ਹੇ ’ਚ ਐਤਵਾਰ ਦੇਰ ਰਾਤ 11:45 ਵਜੇ ਅਣਪਛਾਤੇ ਲੋਕਾਂ ਨੇ ਬਗ਼ੈਰ ਉਕਸਾਵੇ ਤੋਂ ਗੋਲੀਬਾਰੀ ਸ਼ੁਰੂ ਕਰ ਦਿਤੀ, ਜਿਸ ’ਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਦਸਿਆ ਕਿ ਜਵਾਨ ਨੂੰ ਲੀਮਾਖੋਂਗ ਦੇ ਫ਼ੌਜੀ ਹਸਪਤਾਲ ਲਿਆਂਦਾ ਗਿਆ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦਸੀ ਜਾ ਰਹੀ ਹੈ।

 ਅਧਿਕਾਰੀ ਅਨੁਸਾਰ ਘਟਨਾ ਲੀਮਾਖੋਂਗ (ਚਿੰਗਮਾਂਗ) ਦੇ ਕਾਂਤੋ ਸਬਾਲ ਪਿੰਡ ’ਚ ਵਾਪਰੀ। ਘਟਨਾ ਤੋਂ ਬਾਅਦ ਫ਼ੌਜ ਦੇ ਜਵਾਨਾਂ ਨੇ ਇਲਾਕੇ ’ਚ ਪਿੰਡ ਵਾਰੀਆਂ ਦੀ ਮੌਜੂਦਗੀ ਦਾ ਧਿਆਨ ਰਖਦਿਆਂ ਸਹਿਜ ਨਾਲ ਗੋਲੀਬਾਰੀ ਕੀਤੀ। ਅਣਪਛਾਤੇ ਲੋਕਾਂ ਨੇ ਚਿਨਮਾਂਗ ਪਿੰਡ ’ਚ ਤਿੰਨ ਘਰਾਂ ਨੂੰ ਵੀ ਅੱਗ ਲਾ ਦਿਤੀ ਜਿਸ ਤੋਂ ਬਾਅਦ ਫ਼ੌਜ ਨੇ ਅੱਜ ਨੂੰ ਬੁਝਾ ਦਿਤਾ।

 ਅਧਿਕਾਰੀ ਨੇ ਦਸਿਆ ਕਿ ਕੁਝ ਦੇਰ ਦੀ ਸ਼ਾਂਤੀ ਮਗਰੋਂ ਦੁਪਹਿਰ 2:35 ਵਜੇ ਕਾਂਤੋ ਸਬਾਲ ਪਿੰਡ ’ਚ ਬਗ਼ੈਰ ਕਿਸੇ ਕਾਰਨ ਤੋਂ ਗੋਲੀਬਾਰੀ ਮੁੜ ਸ਼ੁਰੂ ਹੋ ਗਈ ਜੋ ਤਿੰਨ ਵਜੇ ਤਕ ਚਲਦੀ ਰਹੀ। ਮਣੀਪੁਰ ’ਚ ਮੇਈਤੀ ਅਤੇ ਕੁਕੀ ਲੋਕਾਂ ਵਿਚਕਾਰ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਚਲ ਰਹੀ ਫ਼ਿਰਕੂ ਹਿੰਸਾ ’ਚ 110 ਤੋਂ ਵੱਧ ਲੋਕ ਮਾਰੇ ਜਾ ਚੁਕੇ ਹਨ। ਸੂਬਾ ਸਰਕਾਰ ਨੇ 11 ਜ਼ਿਲ੍ਹਿਆਂ ’ਚ ਕਰਫ਼ੀਊ ਲਾ ਦਿਤਾ ਸੀ ਅਤੇ ਅਫ਼ਵਾਹਾਂ ਨੂੰ ਰੋਕਣ ਲਈ ਇੰਟਰਨੈੱਟ ਸੇਵਾਵਾਂ ’ਤੇ ਵੀ ਰੋਕ ਹੈ।