Heat Wave News: ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ; ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ 20 ਦੀ ਮੌਤ
ਅੱਤ ਦੀ ਗਰਮੀ ਜਾਨਲੇਵਾ ਬਣੀ ਹੋਈ ਹੈ। ਰਾਜਧਾਨੀ ਦਿੱਲੀ ਸਮੇਤ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਵਿਚ ਗਰਮੀ ਦਾ ਕਹਿਰ ਜਾਰੀ ਹੈ।
Heat Wave News: ਅੱਤ ਦੀ ਗਰਮੀ ਜਾਨਲੇਵਾ ਬਣੀ ਹੋਈ ਹੈ। ਰਾਜਧਾਨੀ ਦਿੱਲੀ ਸਮੇਤ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਵਿਚ ਗਰਮੀ ਦਾ ਕਹਿਰ ਜਾਰੀ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਮੰਗਲਵਾਰ ਨੂੰ ਲੂ ਅਤੇ ਗਰਮੀ ਕਾਰਨ 20 ਲੋਕਾਂ ਦੀ ਮੌਤ ਹੋ ਗਈ।
ਇਨ੍ਹਾਂ ਵਿਚੋਂ 15 ਦੀ ਮੌਤ ਪ੍ਰਯਾਗਰਾਜ ਵਿਚ, ਚਾਰ ਪ੍ਰਤਾਪਗੜ੍ਹ ਵਿਚ ਅਤੇ ਇਕ ਕੌਸ਼ੰਬੀ ਵਿਚ ਹੋਈ। ਇਸ ਦੇ ਨਾਲ ਹੀ ਗਰਮੀ ਕਾਰਨ ਕਈ ਲੋਕਾਂ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ। ਹਾਲਾਤ ਇਹ ਹਨ ਕਿ ਦਿਨ ਦੇ ਸਮੇਂ ਹੀ ਨਹੀਂ ਰਾਤ ਨੂੰ ਵੀ ਤਾਪਮਾਨ ਵਧਣ ਕਾਰਨ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ।
ਲੂ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਸੜਕਾਂ ’ਤੇ ਸੰਨਾਟਾ ਛਾਇਆ ਰਹਿੰਦਾ ਹੈ। ਗਰਮੀ ਦੇ ਗੰਭੀਰ ਰੂਪ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ 22 ਜੂਨ ਤਕ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਅਜਿਹੇ 'ਚ ਪੂਰੇ ਹਫਤੇ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਉਪਰ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਯੂਪੀ ਦੇ ਪੂਰਬੀ ਜ਼ਿਲ੍ਹਿਆਂ ਵਿਚ 19 ਜੂਨ ਤੋਂ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼ ਵਿਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪੂਰੇ ਸੂਬੇ 'ਚ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਪਰ ਪੂਰਬੀ ਯੂਪੀ ਵਿਚ ਅਲੱਗ-ਥਲੱਗ ਥਾਵਾਂ 'ਤੇ ਮੀਂਹ/ਗਰਜ ਦੀ ਸੰਭਾਵਨਾ ਹੈ।