ਦਿੱਲੀ ਐਨਸੀਆਰ 'ਚ ਮੀਂਹ ਦਾ ਕਹਿਰ, ਘਰਾਂ ਦੇ ਰੁੜਣ ਦੀ ਦਿਲ-ਕਬਾਊ ਵੀਡੀਓ ਹੋਈ ਵਾਇਰਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਘਰ ਸਮਾਨ ਸਮੇਤ ਪਾਣੀ 'ਚ ਰੁੜੇ, ਜਾਨੀ ਨੁਕਸਾਨ ਤੋਂ ਬਚਾਅ

Heavy Rain

ਨਵੀਂ ਦਿੱਲੀ :  ਦੇਸ਼ ਅੰਦਰ ਮੌਨਸੂਨ ਦੀ ਛਹਿਬਰ ਜਾਰੀ ਹੈ। ਇਸੇ ਦੌਰਾਨ ਜਿੱਥੇ ਇਹ ਮੀਂਹ ਸਾਉਣੀ ਦੀਆਂ ਫ਼ਸਲਾਂ ਲਈ ਵਰਦਾਨ ਸਾਬਤ ਹੋ ਰਿਹੈ, ਉਥੇ ਹੀ ਕੁਦਰਤ ਦੀ ਹੱਦੋਂ ਵਧੇਰੇ ਦਰਿਆਦਿਲੀ ਇਨਸਾਨੀਅਤ 'ਤੇ ਭਾਰੀ ਪੈਣੀ ਵੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨ-ਜੀਵਨ ਬੂਰੀ ਤਰ੍ਹਾਂ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਕਈ ਥਾਈ ਹੜ੍ਹਾਂ ਦੀ ਭਿਆਨਕਤਾ ਨੇ ਵਿਕਰਾਲ ਰੁਖ ਅਖਤਿਆਰ ਕਰ ਲਿਆ ਹੈ।

ਅਜਿਹਾ ਹੀ ਮੰਜ਼ਰ ਦਿੱਲੀ ਐਨਆਰਸੀ ਵਿਖੇ ਵੇਖਣ ਨੂੰ ਮਿਲ ਰਿਹਾ ਹੈ। ਦਿੱਲੀ ਸਥਿਤ ਵਿਸ਼ਵ ਸਿਹਤ ਸੰਗਠਨ ਦੀ ਇਮਾਰਤ ਦੇ ਪਿਛਲੇ ਪਾਸੇ ਸਥਿਤ ਅੰਨਾ ਨਗਰ ਦੀਆਂ ਬਸਤੀਆਂ 'ਤੇ ਮੌਨਸੂਨ ਦਾ ਇਹ ਮੀਂਹ ਕਹਿਰ ਬਣ ਵਰ੍ਹਿਆ ਹੈ। ਇਲਾਕੇ 'ਚ ਪਏ ਭਾਰੀ ਮੀਂਹ ਤੋਂ ਬਾਅਦ ਅੱਠ ਤੋਂ ਦਸ ਝੌਂਪੜੀਆਂ ਜ਼ਮੀਨ ਧਸ ਜਾਣ ਕਾਰਨ ਪਾਣੀ ਦੇ ਤੇਜ਼ ਵਹਾਅ 'ਚ ਸਮਾ ਗਈਆਂ ਹਨ।

ਭਾਵੇਂ ਖ਼ਤਰੇ ਨੂੰ ਪਹਿਲਾਂ ਹੀ ਭਾਂਪਦਿਆਂ ਇਨ੍ਹਾਂ ਘਰਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਅਚਾਨਕ ਆਈ ਆਫ਼ਤ ਕਾਰਨ ਲੋਕਾਂ ਨੂੰ ਅਪਣੇ ਘਰਾਂ 'ਚ ਪਿਆ ਸਮਾਨ ਸਾਂਭਣ ਦਾ ਵੀ ਮੌਕਾ ਨਹੀਂ ਮਿਲ ਸਕਿਆ। ਪਲਾਂ-ਛਿਣਾਂ 'ਚ ਹੀ ਸਾਰਾ ਸਮਾਨ ਘਰ ਸਮੇਤ ਪਾਣੀ ਦੇ ਤੇਜ਼ ਵਹਾਅ ਦੀ ਭੇਂਟ ਚੜ੍ਹ ਗਿਆ ਹੈ।

ਸੂਤਰਾਂ ਮੁਤਾਬਕ ਇਲਾਕੇ 'ਚ ਪਏ ਭਾਰੀ ਮੀਂਹ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਕਾਰਨ ਇਕ ਵੱਡਾ ਖੱਡਾ ਬਣ ਗਿਆ ਸੀ। ਇੱਥੇ ਚੱਲ ਰਹੇ ਤੇਜ਼ ਪਾਣੀ ਦੇ ਵਹਾਅ 'ਚ ਇਕ ਦੋ ਮੰਜ਼ਿਲਾ ਮਕਾਨ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਪਲਾਂ 'ਚ ਹੀ ਢਹਿ ਕੇ ਪਾਣੀ 'ਚ ਸਮਾ ਗਿਆ। ਇਸ ਦੀ ਦਿਲ ਦਹਿਲਾਉਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਘਟਨਾ ਦੀ ਸੂਚਨਾ ਮਿਲਣ 'ਤੇ ਸਮੁੱਚਾ ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਗਿਆ ਹੈ। ਸਥਾਨਕ ਪੁਲਿਸ ਤੋਂ ਇਲਾਵਾ ਫ਼ਾਇਰ ਵਿਭਾਗ ਅਤੇ ਦਿੱਲੀ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿਤੇ ਹਨ। ਇਹ ਟੀਮਾਂ ਇਸ ਨਾਲੇ ਕਿਨਾਰਿਆਂ 'ਤੇ ਪੈਂਦੀਆਂ ਹੋਰ ਝੁੱਗੀਆਂ ਅਤੇ ਮਕਾਨਾਂ ਨੂੰ ਖ਼ਾਲੀ ਕਰਵਾਉਣ 'ਚ ਜੁਟ ਗਈਆਂ ਹਨ ਤਾਂ ਜੋ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ। ਇਸੇ ਦੌਰਾਨ ਦਿੱਲੀ ਐਨਆਰਸੀ ਸਮੇਤ ਸਮੁੱਚੇ ਇਲਾਕੇ 'ਚ ਮੀਂਹ ਨਾਲ ਹੋਏ ਨੁਕਸਾਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।