ਦਿੱਲੀ: ਮਕਾਨ ਮਾਲਕ ਨੇ ਮਹਿਲਾ ਅਤੇ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋਈ ਘਟਨਾ
ਪੀੜਤ ਦਾ ਇਲਜ਼ਾਮ, ਸਮਝੌਤੇ ਲਈ ਦਬਾਅ ਪਾ ਰਹੀ ਪੁਲਿਸ
ਨਵੀਂ ਦਿੱਲੀ: ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ ਇਕ ਵਿਅਕਤੀ ਨੇ ਔਰਤ ਅਤੇ ਉਸ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ। ਇਹ ਮਾਮਲਾ 16 ਜੁਲਾਈ ਦਾ ਦਸਿਆ ਜਾ ਰਿਹਾ ਹੈ। ਸੀ.ਸੀ.ਟੀ.ਵੀ. 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਪਹਿਲਾਂ ਔਰਤ ਨੂੰ ਥੱਪੜ ਮਾਰਿਆ ਅਤੇ ਬਾਅਦ ਵਿਚ ਉਸ ਦੇ ਬੱਚੇ ਨਾਲ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੇ ਔਰਤ 'ਤੇ ਡੰਡੇ ਨਾਲ ਹਮਲਾ ਕਰ ਦਿਤਾ। ਇੰਨਾ ਹੀ ਨਹੀਂ ਉਸ ਨੇ ਔਰਤ ਨੂੰ ਬਚਾਉਣ ਆਏ ਹੋਰ ਲੋਕਾਂ 'ਤੇ ਵੀ ਹਮਲਾ ਕਰ ਦਿਤਾ।
ਇਹ ਵੀ ਪੜ੍ਹੋ: ਵਾਇਰਲ ਇਹ ਵੀਡੀਓ ਇੱਕ ਤਾਂ ਪੁਰਾਣਾ ਤੇ ਦੂਜਾ ਇਹ ਨੰਗਲ ਡੈਮ ਦਾ ਨਹੀਂ ਬਲਕਿ ਹਿਮਾਚਲ ਦੇ ਚੰਬਾ ਦਾ ਹੈ
ਸੀ.ਸੀ.ਟੀ.ਵੀ. ਫੁਟੇਜ ਵਿਚ ਔਰਤ ਅਤੇ ਬੱਚਾ ਬਾਹਰ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਇਕ ਵਿਅਕਤੀ ਸਾਹਮਣੇ ਆਉਂਦਾ ਹੈ ਅਤੇ ਦੋਵਾਂ ਨੂੰ ਰੋਕਦਾ ਹੈ। ਕੁੱਝ ਸਕਿੰਟਾਂ ਲਈ ਬਹਿਸ ਹੁੰਦੀ ਹੈ ਅਤੇ ਵਿਅਕਤੀ ਔਰਤ ਅਤੇ ਬੱਚੇ ਨੂੰ ਥੱਪੜ ਮਾਰਦਾ ਹੈ। ਛੋਟਾ ਬੱਚਾ ਡਰ ਕੇ ਉਥੋਂ ਭੱਜ ਜਾਂਦਾ ਹੈ। ਫਿਰ ਉਹ ਵਿਅਕਤੀ ਅਪਣਾ ਸਾਰਾ ਗੁੱਸਾ ਔਰਤ 'ਤੇ ਕੱਢਣ ਲੱਗ ਜਾਂਦਾ ਹੈ। ਇਸ ਤੋਂ ਬਾਅਦ ਉਸ ਨੇ ਇਕ ਡੰਡੇ ਨਾਲ ਔਰਤ ਨੂੰ ਕੁੱਟਣਾ ਸ਼ੁਰੂ ਕਰ ਦਿਤਾ ਹੈ। ਕਰੀਬ ਇਕ ਮਿੰਟ ਦੀ ਵੀਡੀਉ ਦੇ ਅੰਤ 'ਚ ਕੁੱਝ ਲੋਕ ਔਰਤ ਨੂੰ ਬਚਾਉਣ ਲਈ ਆਉਂਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ: ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਉ 'ਤੇ ਚੋਣ ਪ੍ਰਚਾਰ ਲਈ ਆਨਲਾਈਨ ਹੋਵੇਗੀ ਸਮੇਂ ਦੀ ਵੰਡ : ਚੋਣ ਕਮਿਸ਼ਨ
ਪੀੜਤ ਔਰਤ ਦਾ ਨਾਂਅ ਕਿਰਨ ਦਸਿਆ ਜਾ ਰਿਹਾ ਹੈ। ਕਿਰਨ ਨੇ ਦਸਿਆ ਕਿ ਇਹ ਝਗੜਾ ਸਟਾਲ ਦੇ ਕਿਰਾਏ ਨੂੰ ਲੈ ਕੇ ਹੋਇਆ ਸੀ। ਮਹਿਲਾ ਅਤੇ ਬੱਚੇ ਨੂੰ ਕੁੱਟਣ ਵਾਲਾ ਵਿਅਕਤੀ ਕਿਰਨ ਦੀ ਮਕਾਨ ਮਾਲਕਣ ਦਾ ਪਤੀ ਅਜੇ ਭਾਟੀਆ ਹੈ। ਕਿਰਨ ਨੇ ਦਸਿਆ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਪੁਲਿਸ ਟੀਮ ਨੇ ਆ ਕੇ ਉਨ੍ਹਾਂ ਨੂੰ ਹਸਪਤਾਲ ਛੱਡ ਦਿਤਾ। ਕਿਰਨ ਨੇ ਦਸਿਆ ਕਿ ਉਸ ਦੇ ਮੋਢੇ ਅਤੇ ਛਾਤੀ 'ਤੇ ਅੰਦਰੂਨੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਰਾਜਸਥਾਨ: ਇਕੋ ਪ੍ਰਵਾਰ ਦੇ 4 ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਸਾੜਿਆ
ਉਸ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਦਿਖਾਵੇ ਲਈ ਬੰਦ ਕਰ ਕੇ ਰਖਿਆ ਅਤੇ ਅਗਲੇ ਦਿਨ ਪੁਲਿਸ ਨੇ ਕਿਰਨ ਦਾ ਨੰਬਰ ਬਲੈਕ ਲਿਸਟ ਵਿਚ ਪਾ ਦਿਤਾ। ਕਿਰਨ ਨੇ ਦੋਸ਼ ਲਾਇਆ ਕਿ ਪੁਲਿਸ ਉਸ ’ਤੇ ਸਮਝੌਤੇ ਲਈ ਦਬਾਅ ਪਾ ਰਹੀ ਹੈ। ਉਸ ਨੇ ਦਸਿਆ ਕਿ ਪੁਲਿਸ ਨੇ ਮੁਲਜ਼ਮ ਵਿਰੁਧ ਹਤਿਆ ਦੀ ਕੋਸ਼ਿਸ਼ ਦੀਆਂ ਧਾਰਾਵਾਂ ਦੇ ਤਹਿਤ ਨਹੀਂ ਸਗੋਂ ਜਨਤਕ ਪਰੇਸ਼ਾਨੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੀੜਤ ਦੀ ਭੈਣ ਦਾ ਇਲਜ਼ਾਮ ਹੈ ਕਿ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।