4 ਸਤੰਬਰ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਖਾਂ ਦੇ ਪਵਿੱਤਰ ਧਾਰਮਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਚਾਰ ਸਤੰਬਰ ਸਵੇਰੇ 10 ਵਜੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।

Hemkund Sahib

ਨਵੀਂ ਦਿੱਲੀ: ਸਿੱਖਾਂ ਦੇ ਪਵਿੱਤਰ ਧਾਰਮਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਚਾਰ ਸਤੰਬਰ ਸਵੇਰੇ 10 ਵਜੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਜਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਹਰ ਸਾਲ ਮਈ ਮਹੀਨੇ ਦੌਰਾਨ ਖੁੱਲ੍ਹਦੇ ਹਨ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਵਧਾਨੀ ਵਜੋਂ ਚਾਰ ਸਤੰਬਰ ਤੋਂ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚਮੋਲੀ ਜ਼ਿਲ੍ਹੇ ਵਿਚ ਸਥਿਤ ਹੇਮਕੁੰਟ ਸਾਹਿਬ ਸਿੱਖਾਂ ਦਾ ਪ੍ਰਸਿੱਧ ਅਥਾਨ ਹੈ।

ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਤੋਂ ਬਾਅਦ ਹੇਮਕੁੰਟ ਸਾਹਿਬ ਦੀ ਯਾਤਰਾ ਚਾਰ ਸਤੰਬਰ ਤੋਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਉਤਰਾਖੰਡ ਦੇ ਬਾਹਰ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ 72 ਘੰਟੇ ਪਹਿਲਾਂ ਕੋਵਿਡ ਦਾ ਪੀਸੀਆਰ ਟੈਸਟ ਕਰਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਉਤਰਾਖੰਡ ਸਰਕਾਰ ਦੀ ਵੈੱਬਸਾਈਟ ਤੋਂ ਈ-ਪਾਸ ਲੈ ਕੇ ਹੀ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ।

ਯਾਤਰਾ ਦੌਰਾਨ ਗੁਰਦੁਆਰਿਆਂ ਵਿਚ ਸਮਾਜਕ ਦੂਰੀ, ਮਾਸਕ ਪਾਉਣ ਆਦਿ ਕੋਵਿਡ ਸਬੰਧੀ ਨਿਯਮਾਂ ਦਾ ਪਾਲਣ ਕਰਨਾ ਵੀ ਲਾਜ਼ਮੀ ਹੋਵੇਗਾ। ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਥਰਮਲ ਸਰਕੀਨਿੰਗ ਵੀ ਕਰਵਾਈ ਜਾਵੇਗੀ। ਹੇਮਕੁੰਟ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਦੇ ਕਪਾਟ ਚਾਰ ਸਤੰਬਰ ਨੂੰ ਸਵੇਰੇ 10 ਵਜੇ ਖੋਲ੍ਹ ਦਿੱਤੇ ਜਾਣਗੇ।