ਖੇਤੀ ਬਿਲ ‘ਤੇ ਵਿਵਾਦ: ਚਿਦੰਬਰਮ ਬੋਲੇ PM ਨੇ ਕਾਂਗਰਸ ਦੇ ਘੋਸ਼ਣਾ ਪੱਤਰ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਸਬੰਧੀ ਬਿਲਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਆਹਮੋ-ਸਾਹਮਣੇ

P Chidambaram

ਨਵੀਂ ਦਿੱਲੀ: ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਸਾਨਾਂ ਨਾਲ ਸਬੰਧਤ ਬਿਲਾਂ ਨੂੰ ਲੈ ਕੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਬੁਲਾਰਿਆਂ ਨੂੰ ਨਿਸ਼ਾਨਾ ਬਣਾਇਆ। ਚਿਦੰਬਰਮ ਨੇ ਅਰੋਪ ਲਗਾਇਆ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਬੁਲਾਰਿਆਂ ਨੇ ਕਾਂਗਰਸ ਦੇ 2019 ਦੇ ਘੋਸ਼ਣਾ ਪੱਤਰ ਨੂੰ ‘ਗਲਤ ਇਰਾਦੇ ਨਾਲ’ ਤੋੜ-ਮਰੋੜ ਕੇ ਪੇਸ਼ ਕੀਤਾ ਹੈ।

ਦੱਸ ਦਈਏ ਕਿ ਕਿਸਾਨਾਂ ਸਬੰਧੀ ਬਿਲਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਆਹਮੋ-ਸਾਹਮਣੇ ਹਨ। ਉੱਥੇ ਹੀ, ਕਿਸਾਨ ਵੀ ਇਹਨਾਂ ਬਿਲਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪਿਛਲੇ ਸਾਲ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਤੀ ਕਾਨੂੰਨਾਂ ਵਿਚ ਬਦਲਾਅ ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਵਿਚ ਖੇਤੀਬਾੜੀ ਬਜ਼ਾਰ ਉਤਪਾਦਨ ਕਮੇਟੀ (APMC) ਐਕਟ ਨੂੰ ਖਤਮ ਕਰਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਇਹ ਸਪੱਸ਼ਟ ਕੀਤਾ ਸੀ ਕਿ APMC ਐਕਟ ਨੂੰ ਖਤਮ ਕਰਨ ਤੋਂ ਪਹਿਲਾਂ ਕਿਸਾਨਾਂ ਲਈ ‘ਕਈ ਖੇਤੀਬਾੜੀ ਬਜ਼ਾਰ’ ਬਣਾਏ ਜਾਣਗੇ ਤਾਂ ਜੋ ਕਿਸਾਨ ਅਪਣੀ ਫਸਲ ਅਸਾਨੀ ਨਾਲ ਵੇਚ ਸਕਣ। ਉਹਨਾਂ ਕਿਹਾ ‘ਪ੍ਰਧਾਨ ਮੰਤਰੀ ਅਤੇ ਭਾਜਪਾ ਬੁਲਾਰੇ ਜਾਣ-ਬੁੱਝ ਕੇ ਕਾਂਗਰਸ ਦੇ ਘੋਸ਼ਣਾ ਪੱਤਰ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।

ਕਿਸਾਨਾਂ ਨੂੰ ਕਈ ਅਜਿਹੇ ਬਜ਼ਾਰਾਂ ਦੀ ਲੋੜ ਹੈ, ਜਿੱਥੇ ਉਹ ਅਸਾਨੀ ਨਾਲ ਪਹੁੰਚ ਸਕਣ ਅਤੇ ਅਪਣੀ ਫਸਲ ਨੂੰ ਵੇਚ ਸਕਣ। ਕਾਂਗਰਸ ਦੇ ਪ੍ਰਸਤਾਵ ਵਿਚ ਕਿਸਾਨਾਂ ਲਈ ਇਹੀ ਕਿਹਾ ਗਿਆ ਸੀ’। ਪੀ ਚਿਦੰਬਰਮ ਨੇ ਇਕ ਟਵੀਟ ਜ਼ਰੀਏ ਕਿਹਾ, ‘ਮੋਦੀ ਸਰਕਾਰ ਵੱਲੋਂ ਜੋ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਐਮਐਸਪੀ ਦੇ ਸਿਧਾਂਤ ਅਤੇ ਜਨਤਕ ਖਰੀਦ ਪ੍ਰਣਾਲੀ ਨੂੰ ਬਰਬਾਦ ਕਰ ਦੇਵੇਗਾ’।