ਨਵੇਂ ਸੰਸਦ ਭਵਨ ’ਚ ਲੋਕ ਸਭਾ ਦੀ ਕਾਰਵਾਈ ਸ਼ੁਰੂ
ਸੰਸਦ ਦੀ ਨਵੀਂ ਇਮਾਰਤ ਨੂੰ ‘ਭਾਰਤ ਦਾ ਸੰਸਦ ਭਵਨ’ ਨਾਂ ਦਿਤਾ ਗਿਆ, ਪੁਰਾਣਾ ਸਦਨ ‘ਸੰਵਿਧਾਨ ਸਦਨ’ ਕਿਹਾ ਜਾਵੇ
- ਪ੍ਰਧਾਨ ਮੰਤਰੀ ਦੀ ਅਗਵਾਈ ’ਚ ਪੁਰਾਣੀ ਇਮਾਰਤ ਤੋਂ ਪੈਦਲ ਚਲ ਕੇ ਸੰਸਦ ਮੈਂਬਰ ਨਵੇਂ ਭਵਨ ’ਚ ਪੁੱਜੇ
- ਅਧੀਰ ਨੇ ਸੰਵਿਧਾਨ ਦੀ ਕਾਪੀ ਹੱਥ ’ਚ ਫੜ ਕੇ ਕੀਤਾ ਮਾਰਚ
ਨਵੀਂ ਦਿੱਲੀ: ਲੋਕ ਸਭਾ ਦੀ ਕਾਰਵਾਈ ਮੰਗਲਵਾਰ ਨੂੰ ਨਵੇਂ ਸੰਸਦ ਭਵਨ ’ਚ ਸ਼ੁਰੂ ਹੋਈ ਅਤੇ ਇਸ ਦੇ ਨਾਲ ਹੀ ਭਾਰਤ ਦੇ ਸੰਸਦੀ ਇਤਿਹਾਸ ’ਚ ਇਕ ਨਵਾਂ ਅਧਿਆਏ ਸ਼ੁਰੂ ਹੋਇਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਨਿਤਿਨ ਗਡਕਰੀ ਤੇ ਹੋਰ ਆਗੂਆਂ ਨਾਲ ਪੁਰਾਣੀ ਇਮਾਰਤ ਤੋਂ ਨਿਕਲ ਕੇ ਨਵੇਂ ਸੰਸਦ ਭਵਨ ਪੁੱਜੇ। ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਹੱਥ ’ਚ ਸੰਵਿਧਾਨ ਦੀ ਕਾਪੀ ਲੈ ਕੇ ਅਪਣੇ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਨਵੇਂ ਭਵਨ ਤਕ ਮਾਰਚ ਕੀਤਾ।
ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਮੁੱਦਿਆਂ ਨੂੰ ਉਠਾ ਕੇ ਸੰਸਦੀ ਬਹਿਸ ਦਾ ਨਵਾਂ ਮਿਆਰ ਕਾਇਮ ਕਰਨ। ਉਨ੍ਹਾਂ ਨੇ ਗਣੇਸ਼ ਚਤੁਰਥੀ ਦੀ ਵੀ ਵਧਾਈ ਦਿਤੀ ਅਤੇ ਨਵੀਂ ਸੰਸਦ ਭਵਨ ਦੇ ਨਿਰਮਾਣ ਦੀ ਪਹਿਲਕਦਮੀ ਨੂੰ ਇਤਿਹਾਸਕ ਘਟਨਾ ਕਰਾਰ ਦਿੱਤਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜਾਰੀ ਨੋਟੀਫ਼ੀਕੇਸ਼ਨ ’ਚ ਕਿਹਾ ਗਿਆ, ‘‘ਲੋਕ ਸਭਾ ਸਪੀਕਰ ਨੂੰ ਇਹ ਸੂਚਿਤ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਨਵੀਂ ਦਿੱਲੀ ਸਥਿਤ ਪਲਾਟ ਨੰ. 118 ’ਚ ਸੰਸਦ ਭਵਨ ਦੀ ਹੱਦ ਅੰਦਰ ਅਤੇ ਮੌਜੂਦਾ ਸੰਸਦ ਭਵਨ ਦੇ ਪੂਰਬ ’ਚ ਸਥਿਤ ਸੰਸਦ ਦੀ ਨਵੀਂ ਇਮਾਰਤ, ਜਿਸ ਦੇ ਦੱਖਣ ’ਚ ਰਾਏਸੀਨਾ ਰੋਡ ਅਤੇ ਉੱਤਰ ’ਚ ਰੈੱਡ ਕਰਾਸ ਰੋਡ ਹੈ, ਉਸ ਨੂੰ ‘ਭਾਰਤ ਦਾ ਸੰਸਦ ਭਵਨ’ ਨਾਂ ਦਿਤਾ ਗਿਆ ਹੈ।’’
ਪ੍ਰਧਾਨ ਮੰਤਰੀ ਨੇ 28 ਮਈ ਨੂੰ ਨਵੀਂ ਸੰਸਦ ਭਵਨ ਦਾ ਉਦਘਾਟਨ ਕੀਤਾ ਸੀ। ਇਸ ਇਮਾਰਤ ’ਚ ਵੈਦਿਕ ਕਾਲ ਤੋਂ ਲੈ ਕੇ ਅੱਜ ਤੱਕ ਦੀਆਂ ਭਾਰਤ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਦਾ ਵਰਣਨ ਕਰਨ ਵਾਲੀਆਂ ਕਲਾਕ੍ਰਿਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪੁਰਾਣੇ ਸੰਸਦ ਭਵਨ ਨੂੰ ਹੁਣ ‘ਸੰਵਿਧਾਨ ਸਦਨ’ ਦੇ ਨਾਂ ਨਾਲ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਦ ਦਾ ਕੰਮਕਾਜ ਨਵੇਂ ਭਵਨ ’ਚ ਤਬਦੀਲ ਹੋ ਗਿਆ ਹੈ। ਉਨ੍ਹਾਂ ਕਿਹਾ, ‘‘ਜਿਸ ਭਵਨ ’ਚ ਅਸੀਂ ਸਵੇਰੇ ਇਕੱਠੇ ਹੋਏ ਸੀ, ਉਸ ਨੂੰ ਹੁਣ ਸੰਵਿਧਾਨ ਸਦਨ ਦੇ ਨਾਂ ਨਾਲ ਜਾਣਿਆ ਜਾਵੇਗਾ।’’
ਇਸ ਤੋਂ ਪਹਿਲਾਂ ਪੁਰਾਣੇ ਸੰਸਦ ਭਵਨ ਦੇ ਕੇਂਦਰੀ ਹਾਲ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਝਾਅ ਦਿਤਾ ਸੀ ਕਿ ਪੁਰਾਣੇ ਸੰਸਦ ਭਵਨ ਦਾ ਨਾਂ ‘ਸੰਵਿਧਾਨ ਸਦਨ’ ਰਖਿਆ ਜਾਣਾ ਚਾਹੀਦਾ ਹੈ।’’ ਪੁਰਾਣੇ ਸੰਸਦ ਭਵਨ ਤੋਂ ਵਿਦਾ ਲੈਣ ਤੋਂ ਪਹਿਲਾਂ ਰੰਗ-ਬਿਰੰਗੇ ਪਹਿਰਾਵੇ ਪਹਿਲਂ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰਾਂ ਨੇ ਕੁਝ ਘੰਟ ਪਹਿਲਾਂ ਪੁਰਾਣੇ ਸੰਸਦ ਭਵਨ ’ਚ ਸਮੂਹਕ ਤਸਵੀਰ ਵੀ ਖਿਚਵਾਈ। ਇਸ ਦੌਰਾਨ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਾਲ ਪੁਰਾਣੇ ਸੰਸਦ ਭਵਨ ਦੇ ਅੰਦਰਲੇ ਵਿਹੜੇ ਵਿੱਚ ਪਹਿਲੀ ਕਤਾਰ ’ਚ ਬੈਠੇ।