ਰਾਜ ਸਭਾ ਵਿਚ ਮਾਰਸ਼ਲ ਦੀ ਨਵੀਂ ਵਰਦੀ ‘ਤੇ ਵਿਰੋਧੀਆਂ ਨੇ ਚੁੱਕੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਮਾਰਸ਼ਲ ਦੀ ਨਵੀਂ ਵਰਦੀ ‘ਤੇ ਵਿਵਾਦ ਖੜ੍ਹ ਹੋ ਗਿਆ ਹੈ।

New military-style uniform of marshals

ਨਵੀਂ ਦਿੱਲੀ: ਰਾਜ ਸਭਾ ਵਿਚ ਮਾਰਸ਼ਲ ਦੀ ਨਵੀਂ ਵਰਦੀ ‘ਤੇ ਵਿਵਾਦ ਖੜ੍ਹ ਹੋ ਗਿਆ ਹੈ। ਰਾਜ ਸਭਾ ਦੀ ਕਾਰਵਾਈ ਮੰਗਲਵਾਰ ਨੂੰ ਸ਼ੁਰੂ ਹੁੰਦੇ ਹੀ ਵਿਰੋਧੀ ਧਿਰਾਂ ਨੇ ਵਰਦੀ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਮਾਰਸ਼ਲ ਦੀ ਵਰਦੀ ਫੌਜ ਦੀ ਵਰਦੀ ਦੀ ਤਰ੍ਹਾਂ ਦਿਖ ਰਹੀ ਹੈ। ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਨਵੀਂ ਵਰਦੀ ਹਰ ਕਿਸੇ ਦੀ ਸਲਾਹ ਲੈਣ ਤੋਂ ਬਾਅਦ ਤਿਆਰ ਕੀਤੀ ਗਈ ਹੈ। ਹਾਲਾਂਕਿ ਵਿਰੋਧੀਆਂ ਦੇ ਭਾਰੀ ਹੰਗਾਮੇ ਦੇ ਚਲਦਿਆਂ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ।

ਕੀ ਹੈ ਵਿਵਾਦ ਦਾ ਅਸਲੀ ਕਾਰਨ?
ਸਭ ਤੋਂ ਪਹਿਲਾਂ ਇਸ ਨਵੀਂ ਵਰਦੀ ‘ਤੇ ਸੋਮਵਾਰ ਨੂੰ ਸੰਸਦ ਜੈਰਾਮ ਰਮੇਸ਼ ਨੇ ਸਵਾਲ ਖੜ੍ਹੇ ਕੀਤੇ ਸੀ ਪਰ ਉਸ ਸਮੇਂ ਨਾਇਡੂ ਨੇ ਉਹਨਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਸੀ। ਬਾਅਦ ਵਿਚ ਸ਼ਾਮ ਨੂੰ ਸਾਬਕਾ ਫੌਜ ਮੁਖੀ ਚੀਫ਼ ਵੇਦ ਪ੍ਰਕਾਸ਼ ਮਲਿਕ ਨੇ ਸੋਸ਼ਲ ਮੀਡੀਆ ‘ਤੇ ਨਵੀਂ ਵਰਦੀ ਨੂੰ ਲੈ ਕੇ ਸਵਾਲ ਚੁੱਕੇ ਸਨ। ਉਹਨਾਂ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਹੈ ਅਤੇ ਇਸ ਨਾਲ ਸੁਰੱਖਿਆ ਨੂੰ ਲੈ ਕੇ ਵੀ ਮੁਸ਼ਕਲ ਆਵੇਗੀ। ਮਲਿਕ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਇਸ ਸਿਲਸਿਲੇ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਕਿਉਂ ਬਦਲੀ ਵਰਦੀ?
ਸੂਤਰਾਂ ਮੁਤਾਬਕ ਮਾਰਸ਼ਲ ਦੀ ਵਰਦੀ ਵਿਚ ਬਦਲਾਅ ਨੂੰ ਲੈ ਕੇ ਫੈਸਲਾ ਛੇ ਮਹੀਨੇ ਪਹਿਲਾਂ ਲਿਆ ਗਿਆ ਸੀ। ਦਰਅਸਲ ਰਾਜ ਸਭਾ ਵਿਚ ਲੋਕਾਂ ਨੂੰ ਮਾਰਸ਼ਲ ਅਤੇ ਬਾਕੀ ਵਾਰਡ ਸਟਾਫ ਅਤੇ ਪਹਿਰੇਦਾਰ ਵਿਚ ਫਰਕ ਪਤਾ ਨਹੀਂ ਚੱਲਦਾ ਸੀ। ਅਜਿਹੇ ਵਿਚ ਵਰਦੀ ਬਦਲ ਕੇ ਮਾਰਸ਼ਲ ਨੂੰ ਵੱਖਰੀ ਪਛਾਣ ਦੇਣ ਦੀ ਕੋਸ਼ਿਸ਼ ਕੀਤੀ ਗਈ।

ਦੱਸ ਦਈਏ ਕਿ ਸੋਮਵਾਰ ਨੂੰ ਸ਼ੁਰੂ ਹੋਏ ਸਰਦ ਰੁੱਤ ਇਜਲਾਸ ਵਿਚ ਕਾਰਵਾਈ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਜਿਵੇਂ ਹੀ ਰਾਜ ਸਭਾ ਪ੍ਰਧਾਨ ਵੈਂਕਈਆ ਨਾਇਡੂ ਸਦਨ ਵਿਚ ਆਏ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਉਹਨਾਂ ਨਾਲ ਖੜ੍ਹੇ ਮਾਰਸ਼ਲ ਬਿਲਕੁਲ ਅਲੱਗ ਅੰਦਾਜ਼ ਵਿਚ ਨਜ਼ਰ ਆ ਰਹੇ ਸੀ। ਇਹ ਰਾਜ ਸਭਾ ਦਾ 250ਵਾਂ ਸੈਸ਼ਨ ਹੈ। ਰਾਜ ਸਭਾ ਦਾ ਪਹਿਲਾ ਸੈਸ਼ਨ 1952 ਵਿਚ ਹੋਇਆ ਸੀ। ਇਸ ਮੌਕੇ ਨੂੰ ਯਾਦਗਾਰ ਅਤੇ ਖ਼ਾਸ ਬਣਾਉਣ ਲਈ ਵੀ ਮਾਰਸ਼ਲ ਦੀ ਵਰਦੀ ਵਿਚ ਬਦਲਾਅ ਲਿਆਂਦੇ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।