ਜੰਮੂ ਕਸ਼ਮੀਰ 'ਚ 22 ਸਾਲਾਂ ਬਾਅਦ ਅੱਜ ਤੋਂ ਰਾਸ਼ਟਰਪਤੀ ਸ਼ਾਸਨ ਹੋਵੇਗਾ ਲਾਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਰਾਜਪਾਲ ਦੀਆਂ ਸਾਰੀਆਂ ਕਾਨੂੰਨੀ ਤਾਕਤਾਂ ਸੰਸਦ ਕੋਲ ਚਲੀਆਂ ਜਾਣਗੀਆਂ।

President Ram Nath Kovind

ਜੰਮੂ, ( ਪੀਟੀਆਈ ) : ਜੰਮੂ-ਕਸ਼ਮੀਰ ਵਿਖੇ ਅੱਜ ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਵੇਗਾ। ਰਾਜਪਾਲ ਦੀ ਰੀਪੋਰਟ 'ਤੇ ਕੇਂਦਰ ਸਰਕਾਰ ਨੇ ਬੀਤੇ ਸੋਮਵਾਰ ਰਾਸ਼ਟਰਪਤੀ ਸ਼ਾਸਨ ਦੀ ਸਿਫਾਰਸ਼ ਕਰ ਦਿਤੀ ਸੀ। ਹੁਣ ਇਸ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮੁਹਰ ਲਗਣੀ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਕਿਸੇ ਵੇਲੇ ਵੀ ਰਾਸ਼ਟਰਪਤੀ ਸ਼ਾਸਨ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸਾਲ 1990 ਤੋਂ ਅਕਤੂਬਰ 1996 ਤੱਕ ਜੰਮੂ-ਕਸ਼ਮੀਰ ਵਿਖੇ ਰਾਸ਼ਟਰਪਤੀ ਸ਼ਾਸਨ ਰਿਹਾ ਸੀ।

ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਰਾਜਪਾਲ ਦੀਆਂ ਸਾਰੀਆਂ ਕਾਨੂੰਨੀ ਤਾਕਤਾਂ ਸੰਸਦ ਕੋਲ ਚਲੀਆਂ ਜਾਣਗੀਆਂ। ਹੁਣ ਕਾਨੂੰਨ ਬਣਾਉਣ ਦਾ ਅਧਿਕਾਰ ਸੰਸਦ ਕੋਲ ਹੋਵੇਗਾ। ਨਿਯਮਾਂ ਮੁਤਾਬਕ ਰਾਸ਼ਟਰਪਤੀ ਸ਼ਾਸਨ ਵਿਚ ਬਜਟ ਵੀ ਸੰਸਦ ਰਾਹੀਂ ਹੀ ਪਾਸ ਹੁੰਦਾ ਹੈ। ਇਸ ਕਾਰਨ ਰਾਜਪਾਲ ਸ਼ਾਸਨ ਵਿਚ ਹੀ ਲਗਭਗ 89 ਹਜ਼ਾਰ ਕੋਰੜ ਰੁਪਏ ਦਾ ਬਜਟ ਪਾਸ ਕਰਵਾ ਲਿਆ ਗਿਆ ਸੀ। ਰਾਜਪਾਲ ਸ਼ਾਸਨ ਵਿਚ ਕਾਨੂੰਨ ਬਣਾਉਣ ਅਤੇ ਬਜਟ ਪਾਸ ਕਰਨ ਦਾ ਅਧਿਕਾਰ ਰਾਜਪਾਲ ਕੋਲ ਹੁੰਦਾ ਹੈ।

ਰਾਸ਼ਟਰਪਤੀ ਸ਼ਾਸਨ ਵਿਚ ਹੁਣ ਰਾਜਪਾਲ ਅਪਣੀ ਮਰਜ਼ੀ ਨਾਲ ਨੀਤੀਗਤ ਅਤੇ ਸੰਵਿਧਾਨਕ ਫੈਸਲੇ ਨਹੀਂ ਲੈ ਪਾਉਣਗੇ। ਇਸ ਦੇ ਲਈ ਉਹਨਾਂ ਨੂੰ ਕੇਂਦਰ ਤੋਂ ਆਗਿਆ ਲੈਣੀ ਪਵੇਗੀ। ਭਾਜਪਾ ਵੱਲੋਂ ਸਮਰਥਨ ਵਾਪਸ ਲੈਣ ਕਾਰਨ ਜੂਨ ਵਿਚ ਮਹਿਬੂਬਾ ਮੁਫਤੀ ਸਰਕਾਰ ਡਿੱਗ ਗਈ ਸੀ। ਰਾਜਪਾਲ ਸ਼ਾਸਨ ਦੀ ਮਿਆਦ 19 ਦੰਸਬਰ ਨੂੰ ਖਤਮ ਹੋ ਰਹੀ ਹੈ। ਇਸ 'ਤੇ ਰਾਜਪਾਲ ਸੱਤਪਾਲ ਮਲਿਕ ਨੇ ਸਰਕਾਰ ਗਠਨ ਦੇ ਲਈ ਖਰੀਦ-ਫਰੋਖ਼ਤ ਅਤੇ ਸਰਕਾਰ ਦੇ ਸਥਿਰ ਨਾ ਹੋਣ ਦਾ ਹਵਾਲਾ ਦਿੰਦੇ ਹੋਏ 21 ਨਵੰਬਰ ਨੂੰ ਵਿਧਾਨਸਭਾ ਭੰਗ ਕਰ ਦਿਤੀ ਸੀ।

ਦੱਸ ਦਈਏ ਕਿ ਦੇਸ਼ ਵਿਚ ਰਾਸ਼ਟਰਪਤੀ ਸ਼ਾਸਨ ਲਗਾਉਣ ਵਾਲੇ ਪ੍ਰਧਾਨ ਮੰਤਰੀਆਂ ਵਿਚ ਇੰਦਰਾ ਗਾਂਧੀ ਦਾ ਨਾਮ ਸੱਭ ਤੋਂ ਅੱਗੇ ਹੈ। ਉਹਨਾਂ ਨੇ ਜਨਵਰੀ 1966 ਤੋਂ ਮਾਰਚ 1977 ਵਿਚਕਾਰ 35 ਵਾਰ ਅਤੇ ਜਨਵਰੀ 1980 ਤੋਂ ਅਕਤੂਬਰ 1984 ਵਿਚਕਾਰ 15 ਵਾਰ ਰਾਸ਼ਟਰਪਤੀ ਸ਼ਾਸਨ ਲਗਾਇਆ। ਇਸ ਤੋਂ ਬਾਅਦ ਦੂਜੇ ਅਤੇ ਤੀਜੇ ਨੰਬਰ ਤੇ ਮੋਰਾਰਜੀ ਦੇਸਾਈ ਅਤੇ ਮਨਮੋਹਨ ਸਿੰਘ ਰਹੇ।