ਹਿਮਾਚਲ ਦੇ ਕਿਸਾਨਾਂ ਨੇ ਖੋਲ੍ਹੀਆਂ ਸਰਕਾਰ ਦੀਆਂ ਪੋਲਾਂ, ਦੱਸਿਆ ਹਿਮਾਚਲ ਦੀ ਖੇਤੀ ਦਾ ਹਾਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨੀ ਸੰਘਰਸ਼ ‘ਚ ਯੋਗਦਾਨ ਪਾਉਣ ਲਈ ਦਿੱਲੀ ਪਹੁੰਚੇ ਹਿਮਾਚਲ ਦੇ ਨੌਜਵਾਨ ਕਿਸਾਨ

Himachal farmers

ਨਵੀਂ ਦਿੱਲੀ (ਅਰਪਨ ਕੌਰ): ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਸੰਘਰਸ਼ ਹੁਣ ਕਈ ਸੱਭਿਆਚਾਰਾਂ ਦੀ ਸਾਂਝ ਬਣ ਚੁੱਕਿਆ ਹੈ। ਕਿਸਾਨਾਂ ਦੀ ਇਸ ਲੜਾਈ ਨੂੰ ਦੇਸ਼ ਦੇ ਵੱਖ-ਵੱਖ ਸੱਭਿਆਚਾਰਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਨੌਜਵਾਨ ਦਿੱਲੀ ਮੋਰਚੇ ਵਿਚ ਪਹੁੰਚ ਰਹੇ ਹਨ। ਹਿਮਾਚਲ ਪ੍ਰਦੇਸ਼ ਤੋਂ ਆਏ ਨੌਜਵਾਨਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਨਾਲ ਜੁੜੇ ਹੋਏ ਹਨ ਤੇ ਉਹ ਸੇਬ ਦੀ ਖੇਤੀ ਕਰਦੇ ਹਨ।

ਇਹਨਾਂ ਕਿਸਾਨਾਂ ਨੇ ਦੱਸਿਆ ਕਿ ਦੇਸ਼ ਦਾ ਕਿਸਾਨ ਪੂਰੇ ਸਾਲ ਸਾਡਾ ਢਿੱਡ ਭਰਦਾ ਹੈ ਤੇ ਅਸੀਂ ਉਹਨਾਂ ਦੀ ਲੜਾਈ ਵਿਚ ਯੋਗਦਾਨ ਦੇਣ ਆਏ ਹਾਂ। ਕਿਸਾਨਾਂ ਨੇ ਦੱਸਿਆ ਕਿ ਉਹ ਅਪਣੀ ਸਮਰੱਥਾਂ ਅਨੁਸਾਰ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਸਮਾਨ ਲੈ ਕੇ ਆਏ ਹਨ, ਜਿਨ੍ਹਾਂ ਵਿਚ ਦਵਾਈਆਂ, ਰਾਸ਼ਣ ਤੇ ਫਲ਼਼ ਆਦਿ ਸ਼ਾਮਲ ਹਨ।

ਉਹਨਾਂ ਕਿਹਾ ਕਿ ਹਿਮਾਚਲ ਦੇ ਕਿਸਾਨ ਵੀ ਸੇਬ ਲਈ ਐਮਐਸਪੀ ਦੀ ਮੰਗ ਕਰਦੇ ਹਨ ਪਰ ਉਹ ਸਾਹਮਣੇ ਆ ਕੇ ਮੰਗ ਨਹੀਂ ਕਰਦੇ। ਉਹਨਾਂ ਹਿਮਾਚਲ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਹਮਣੇ ਆ ਕੇ ਇਸ ਮੁੱਦੇ ਨੂੰ ਚੁੱਕਣ। ਸਰਕਾਰ ਦੇ ਰਵੱਈਏ ‘ਤੇ ਹਿਮਾਚਲ ਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਬੜਾ ਸਖ਼ਤ ਹੈ। ਸਰਕਾਰ ਕਿਸਾਨ ਤੇ ਮਜ਼ਦੂਰ ਦੀ ਤਾਕਤ ਨੂੰ ਘੱਟ ਮੰਨ ਰਹੀ ਹੈ।

ਉਹਨਾਂ ਕਿਹਾ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੀ ਲੋੜ ਨਹੀਂ ਹੈ ਤੇ ਇਹ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ। ਹਿਮਾਚਲ ਤੋਂ ਆਏ ਇਕ ਹੋਰ ਨੌਜਵਾਨ ਨੇ ਕਿਹਾ ਕਿ ਉਸ ਨੂੰ ਇੱਥੇ ਇਨਕਲਾਬ ਦਿਖ ਰਿਹਾ ਹੈ। ਉਹਨਾਂ ਕਿਹਾ ਕਿ ਇਹ ਰਾਸ਼ਟਰੀ ਮੁੱਦਾ ਬਣ ਚੁੱਕਾ ਹੈ ਤੇ ਹਰ ਕਿਸੇ ਨੂੰ ਇਸ ‘ਚ ਅਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਕਿਸਾਨਾਂ ਨੇ ਕਿਹਾ ਕਿ ਉਹ ਵਾਪਸ ਜਾ ਕੇ ਅਪਣੇ ਸੂਬੇ ਵਿਚ ਇਸ ਮੋਰਚੇ ਦੀ ਜ਼ਮੀਨੀ ਸੱਚਾਈ  ਲੋਕਾਂ ਨੂੰ ਦੱਸਣਗੇ। ਕਿਉਂਕਿ ਰਾਸ਼ਟਰੀ ਮੀਡੀਆ ਜ਼ਮੀਨੀ ਹਕੀਕਤ ਨਹੀਂ ਦਿਖਾ ਰਿਹਾ। ਉਹਨਾਂ ਦੱਸਿਆ ਕਿ ਇੱਥੇ ਉਹਨਾਂ ਨੂੰ ਕੋਈ ਅੱਤਵਾਦੀ ਜਾਂ ਖਾਲਿਸਤਾਨੀ ਨਹੀਂ ਦਿਖਾਈ ਦੇ ਰਹੇ ਬਲਕਿ ਇੱਥੇ ਪਿਆਰ ਤੇ ਏਕਤਾ ਦਿਖਾਈ ਦੇ ਰਹੀ ਹੈ। ਸਰਕਾਰ ਇਸ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਅਸਫਲ ਹੈ।