ਆਗਰਾ ਨਗਰ ਨਿਗਮ ਵੱਲੋਂ ਤਾਜ ਮਹਿਲ ਨੂੰ ਇੱਕ ਕਰੋੜ ਰੁਪਏ ਦੇ ਹਾਊਸ ਟੈਕਸ ਦਾ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਐਤਮਾਦੌਲਾ ਸਮਾਰਕ ਨੂੰ ਵੀ ਭੇਜਿਆ ਗਿਆ ਹੈ ਇੱਕ ਨੋਟਿਸ 

Image

 

ਆਗਰਾ - ਸਥਾਨਕ ਨਗਰ ਨਿਗਮ ਨੇ ਤਾਜ ਮਹਿਲ ਨੂੰ ਇੱਕ ਕਰੋੜ ਰੁਪਏ ਤੋਂ ਵੱਧ ਦਾ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਹਾਊਸ ਟੈਕਸ, ਵਾਟਰ ਟੈਕਸ ਅਤੇ ਸੀਵਰ ਟੈਕਸ ਆਦਿ ਸ਼ਾਮਲ ਹਨ।

ਅਧਿਕਾਰੀਆਂ ਮੁਤਾਬਕ, ਇਕੱਲੇ ਹਾਊਸ ਟੈਕਸ ਦੇ ਨਾਂਅ 'ਤੇ ਕਰੀਬ ਡੇਢ ਲੱਖ ਰੁਪਏ ਦਾ ਨੋਟਿਸ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਨੋਟਿਸ 'ਚ ਇਹ ਹਾਊਸ ਟੈਕਸ 15 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।

ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਆਗਰਾ ਦੇ ਅਧਿਕਾਰੀਆਂ ਅਨੁਸਾਰ ਹਾਊਸ ਟੈਕਸ ਦਾ ਇੱਕ ਨੋਟਿਸ ਐਤਮਾਦੌਲਾ ਸਮਾਰਕ ਨੂੰ ਵੀ ਭੇਜਿਆ ਗਿਆ ਹੈ। ਸੁਰੱਖਿਅਤ ਸਮਾਰਕ ਐਤਮਾਦੌਲਾ ਨੂੰ ਇਹ ਨੋਟਿਸ ਐਤਮਾਦੌਲਾ ਫ਼ੋਰਕੋਰਟ ਦੇ ਨਾਂਅ 'ਤੇ ਭੇਜਿਆ ਗਿਆ ਹੈ।

ਇਸ ਸੰਬੰਧੀ ਪੁੱਛੇ ਜਾਣ 'ਤੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੇ ਸੁਪਰਡੈਂਟ ਡਾ. ਰਾਜਕੁਮਾਰ ਪਟੇਲ ਨੇ ਦੱਸਿਆ ਕਿ ਤਾਜ ਮਹਿਲ ਅਤੇ ਐਤਮਾਦੌਲਾ ਸੰਬੰਧੀ ਭੇਜੇ ਗਏ ਨੋਟਿਸ ਦਾ ਜਵਾਬ ਦੇ ਕੇ ਸਥਿਤੀ ਸਪੱਸ਼ਟ ਕੀਤੀ ਜਾਵੇਗੀ |

ਉਨ੍ਹਾਂ ਕਿਹਾ ਕਿ ਤਾਜ ਮਹਿਲ ਅਤੇ ਐਤਮਾਦੌਲਾ ਰਾਸ਼ਟਰੀ ਸਮਾਰਕ ਹਨ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੀ ਜਾਇਦਾਦ ਹਨ।

ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਹੋ ਸਕਦਾ ਹੈ ਕਿ ਅਜਿਹਾ ਨਗਰ ਨਿਗਮ ਵੱਲੋਂ ਟੈਕਸ ਗਣਨਾ ਲਈ ਲਗਾਈ ਗਈ ਏਜੈਂਸੀ ਦੀ ਗ਼ਲਤੀ ਕਾਰਨ ਹੋਇਆ ਹੋਵੇ। 

ਸਹਾਇਕ ਨਗਰ ਨਿਗਮ ਕਮਿਸ਼ਨਰ ਸਰਿਤਾ ਸਿੰਘ ਨੇ ਕਿਹਾ, "ਸਾਈਂ ਕੰਸਟਰਕਸ਼ਨ ਕੰਪਨੀ ਨੂੰ ਹਾਊਸ ਟੈਕਸ ਗਣਨਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗੂਗਲ ਮੈਪਿੰਗ ਦੇ ਚੱਲਦੇ ਕੁਝ ਥਾਵਾਂ 'ਤੇ ਗੜਬੜੀ ਦਾ ਪਤਾ ਚੱਲਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।"