ਸੀਏਏ : ਦਿੱਲੀ ਤੋਂ ਲਖਨਉ ਤੱਕ 'ਸ਼ਾਹੀਨ ਬਾਗ',36 ਦਿਨਾਂ ਤੋਂ ਡਟੇ ਹਨ ਪ੍ਰਦਰਸ਼ਨਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਸੋਮਵਾਰ ਨੂੰ ਵੀ ਦੇਸ਼ ਵਿਚ ਕਈ ਸੰਗਠਨਾ ਦੁਆਰਾ ਸੀਏਏ,ਐਨਆਰਸੀ ਦੇ ਵਿਰੋਧ ਵਿਚ ਮਾਰਚ ਕੱਢਿਆ ਜਾਵੇਗਾ

File Photo

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ 36 ਦਿਨਾਂ ਤੋਂ ਮੁਸਲਿਮ ਭਾਈਚਾਰੇ ਦੀ ਔਰਤਾਂ ਲਗਾਤਾਰ ਸੀਏਏ ਅਤੇ ਐਨਆਰਸੀ ਵਿਰੁੱਧ ਡੱਟੀਆਂ ਹੋਈਆਂ ਹਨ। ਇਸ ਪ੍ਰਦਰਸ਼ਨ ਨੂੰ ਦੂਜੇ ਧਰਮਾਂ ਦੇ ਲੋਕਾਂ ਵੱਲੋਂ ਵੀ ਸਮੱਰਥਨ ਦਿੱਤਾ ਜਾ ਰਿਹਾ ਹੈ। ਸ਼ਾਹੀਨ ਬਾਗ ਦੀ ਤਰਜ਼ ‘ਤੇ ਦੇਸ਼ ਦੇ ਹੋਰ ਕਈ ਸੂਬਿਆ ਵਿਚ ਹੁਣ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮੁਜ਼ਹਾਰੇ ਤੇਜ ਹੋ ਗਏ ਹਨ।

ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੀਆਂ ਔਰਤਾ ਨੂੰ ਦਿੱਲੀ ਪੁਲਿਸ ਨੇ ਧਰਨਾ ਚੁੱਕਣ ਲਈ ਵੀ ਕਿਹਾ ਸੀ ਪਰ ਪੁਲਿਸ ਦੁਆਰਾ ਕੀਤੀ ਗਈ ਅਪੀਲ ਦਾ ਕੋਈ ਫਾਇਦਾ ਨਹੀਂ ਹੋਇਆ ਦਰਅਸਲ ਪ੍ਰਦਰਸ਼ਨ ਦੇ ਕਾਰਨ ਦਿੱਲੀ ਤੋਂ ਨੋਇਡਾ ਜਾਣ ਵਾਲਾ ਰਸਤਾ ਬੰਦ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਜਿਸ ਤੇ ਹਾਈਕੋਰਟ ਨੇ ਪੁਲਿਸ ਨੂੰ ਇਹ ਮਾਮਲਾ ਗੱਲਬਾਤ ਰਾਹੀਂ ਸਲਝਾਉਣ ਦਾ ਸੁਝਾਅ ਦਿੱਤਾ ਸੀ।

 ਦਿੱਲੀ ਦੀ ਸ਼ਾਹੀਨ ਬਾਗ ਵਿਚ ਹੋ ਰਿਹਾ ਪ੍ਰਦਰਸ਼ਨ ਹੁਣ ਪੂਰੇ ਦੇਸ਼ ਵਿਚ ਇਕ ਪ੍ਰਤੀਕ ਬਣਦਾ ਜਾ ਰਿਹਾ ਹੈ। ਲਖਨਉ,ਪਟਨਾ, ਇਲਹਾਬਾਦ ਵਿਚ ਵੀ ਔਰਤਾ ਦੁਆਰਾ ਸੜਕਾਂ ‘ਤੇ ਉਤਰ ਕੇ ਸੀਏਏ ਅਤੇ ਐਨਆਰਸੀ ਖਿਲਾਫ਼ ਰੋਸ ਮੁਜ਼ਹਾਰੇ ਕਰ ਰਹੀਆਂ ਹਨ। ਲਖਨਉ ਵਿਚ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੇ ਕੰਬਲ ਤੱਕ ਖੋਹ ਲਏ ਗਏ ਜਿਸ ਤੋਂ ਬਾਅਦ ਪੁਲਿਸ ਦੀ ਕਾਫੀ ਕਿਰ-ਕਰੀ ਹੋਈ।

ਪੁਲਿਸ ਦੀ ਇਸ ਕਾਰਵਾਈ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਈ ਜਿਸ ਵਿਚ ਪੁਲਿਸ ਦੇ ਅਧਿਕਾਰੀ ਪ੍ਰਦਰਸ਼ਨਕਾਰੀਆਂ ਦੇ ਕੰਬਲ ਅਤੇ ਹੋਰ ਸਮਾਨ ਲੈ ਜਾਂਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਟਵੀਟਰ 'ਤੇ ਕੰਬਲ ਚੋਰ ਯੂਪੀ ਪੁਲਿਸ ਹੈਸਟੈਗ ਟ੍ਰੇਂਡ ਕਰਨ ਲੱਗਿਆ। ਇਸ ਨੂੰ ਲੈ ਕੇ ਯੂਪੀ ਪੁਲਿਸ ਦੀ ਜਮ ਕੇ ਆਲੋਚਨਾ ਹੋਈ। ਯੂਪੀ ਪੁਲਿਸ ਨੇ ਇਸ ਪੂਰੇ ਘਟਨਾਕ੍ਰਮ ਤੇ ਸਫਾਈ ਪੇਸ਼ ਕਰਦਿਆ ਕਿਹਾ ਕਿ ਪ੍ਰਦਰਸ਼ਨ ਕਰ ਰਹੀ ਔਰਤਾ ਨੂੰ ਕੁੱਝ ਸੰਗਠਨਾ ਵੱਲੋਂ ਕੰਬਲ ਵੱਡੇ ਗਏ ਜਿਸ ਕਰਕੇ ਵੱਡੀ ਗਿਣਤੀ ਵਿਚ ਲੋਕ ਉੱਥੇ ਇੱਕਠੇ ਹੋ ਕੇ ਕੰਬਲ ਲੈਣ ਲੱਗੇ। ਪੁਲਿਸ ਅਨੁਸਾਰ ਉੱਥੇ ਭੀੜ ਵੱਧਦੀ ਵੇਖ ਕੇ ਪੁਲਿਸ ਵੱਲੋਂ ਕੰਬਲ ਖੋਏ ਗਏ ਤਾਂਕਿ ਹੋਰ ਲੋਕਾਂ ਦੀ ਭੀੜ ਉੱਥੇ ਇੱਕਠੀ ਨਾਂ ਹੋਵੇ।

ਅੱਜ ਸੋਮਵਾਰ ਨੂੰ ਵੀ ਦੇਸ਼ ਵਿਚ ਕਈ ਸੰਗਠਨਾ ਦੁਆਰਾ ਸੀਏਏ,ਐਨਆਰਸੀ ਦੇ ਵਿਰੋਧ ਵਿਚ ਮਾਰਚ ਕੱਢਿਆ ਜਾਵੇਗਾ। ਦਿੱਲੀ ਵਿਚ ਕਈ ਸੰਗਠਨ ਮਿਲ ਕੇ ਮਾਰਚ ਕੱਢੇਣਗੇ ਤਾਂ ਉੱਥੇ ਹੀ ਬੈਗਲੁਰੂ, ਮੁੰਬਈ, ਹੈਦਰਾਬਾਦ ਅਤੇ ਪੁਣੇ ਸਮੇਤ ਹੋਰਨਾ ਸ਼ਹਿਰਾ ਵਿਚ ਇਸ ਤਰ੍ਹਾਂ ਦੇ ਮਾਰਚ ਕੱਢਣ ਦੀ ਤਿਆਰੀ ਹੈ।