Weather Update : ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਮੀਂਹ ਇਕ ਹੋਰ ਦੌਰ !

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਭਾਗ ਨੇ ਐਤਵਾਰ ਨੂੰ ਜਾਰੀ ਅਗਾਊਂ ਅਨੁਮਾਨ ਪੱਤਰ ਵਿਚ ਕਿਹਾ ਕਿ 20 ਅਤੇ 21 ਜਨਵਰੀ ਨੂੰ ਅਸਰਦਾਰ ਰਹਿਣ ਮਗਰੋਂ ਪਛਮੀ ਗੜਬੜ ਦਾ ਅਸਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ।

File Photo

ਨਵੀਂ ਦਿੱਲੀ : ਮੌਸਮ ਵਿਭਾਗ ਨੇ ਪਛਮੀ ਹਿਮਾਲਿਆ ਖ਼ਿੱਤੇ ਵਿਚ ਸੋਮਵਾਰ ਨੂੰ ਇਕ ਹੋਰ ਪਛਮੀ ਗੜਬੜ ਹੋਣ ਦੇ ਅਨੁਮਾਨ ਦੇ ਆਧਾਰ 'ਤੇ ਕਿਹਾ ਹੈ ਕਿ ਅਗਲੇ ਦੋ ਦਿਨਾਂ ਤਕ ਉੱਤਰ ਭਾਰਤ ਦੇ ਪਹਾੜੀ ਰਾਜਾਂ ਵਿਚ ਬਰਫ਼ਬਾਰੀ ਅਤੇ ਉੱਤਰੀ ਪਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।

ਵਿਭਾਗ ਨੇ ਐਤਵਾਰ ਨੂੰ ਜਾਰੀ ਅਗਾਊਂ ਅਨੁਮਾਨ ਪੱਤਰ ਵਿਚ ਕਿਹਾ ਕਿ 20 ਅਤੇ 21 ਜਨਵਰੀ ਨੂੰ ਅਸਰਦਾਰ ਰਹਿਣ ਮਗਰੋਂ ਪਛਮੀ ਗੜਬੜ ਦਾ ਅਸਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ। ਇਸ ਦੇ ਅਸਰ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ 15 ਜਨਵਰੀ ਨੂੰ ਹਿਮਾਲਿਆ ਖੇਤਰ ਵਿਚ ਹੋਈ ਪਛਮੀ ਗੜਬੜ ਕਾਰਨ ਪਹਾੜੀ ਖ਼ਿੱਤੇ ਵਿਚ ਪਿਛਲੇ ਤਿੰਨ ਦਿਨਾਂ ਤੋਂ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ 15 ਤੋਂ 40 ਮਿਲੀਮੀਟਰ ਤਕ ਮੀਂਹ ਦਰਜ ਕੀਤਾ ਗਿਆ।

ਪਛਮੀ ਹਿਮਾਲਿਆ ਖੇਤਰ ਵਿਚ ਜਨਵਰੀ ਵਿਚ ਹੁਣ ਤਕ ਤਿੰਨ ਪਛਮੀ ਗੜਬੜਾਂ ਹੋ ਚੁੱਕੀਆਂ ਹਨ। ਵਿਭਾਗ ਨੇ ਅਗਲੇ ਦੋ ਤਿੰਨ ਦਿਨਾਂ ਤਕ ਪੰਜਾਬ, ਹਰਿਆਣਾ ਅਤੇ ਯੂਪੀ ਦੇ ਕੁੱਝ ਇਲਾਕਿਆਂ ਵਿਚ ਸੰਘਣਾ ਕੋਹਰਾ ਰਹਿਣ ਦੀ ਸੰਭਾਵਨਾ ਬਾਬਤ ਦਸਿਆ ਹੈ ਜਦਕਿ ਉਤਰਾਖੰਡ, ਉੱਤਰੀ ਰਾਜਸਥਾਨ, ਉੱਤਰੀ ਮੱਧ ਪ੍ਰਦੇਸ਼, ਪਛਮੀ ਬੰਗਾਲ ਅਤੇ ਬਿਹਾਰ ਵਿਚ ਵੀ 22 ਜਨਵਰੀ ਤਕ ਸੰਘਣਾ ਕੋਹਰਾ ਹੋ ਸਕਦਾ ਹੈ।

ਇਨ੍ਹਾਂ ਇਲਾਕਿਆਂ ਵਿਚ ਤਾਪਮਾਨ ਵਿਚ ਕਮੀ ਨੂੰ ਵੇਖਦਿਆਂ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿਚ ਅਗਲੇ ਦੋ ਦਿਨਾਂ ਤਕ ਸੀਤ ਦਿਵਸ ਦੀ ਹਾਲਤ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਹੈ। ਐਤਵਾਰ ਨੂੰ ਸੌਰਾਸ਼ਟਰ ਅਤੇ ਕੱਛ ਇਲਾਕਿਆਂ ਵਿਚ ਕੁੱਝ ਥਾਵਾਂ 'ਤੇ ਸੀਤ ਲਹਿਰ ਦੀ ਹਾਲਤ ਹੈ। ਇਨ੍ਹਾਂ ਇਲਾਕਿਆਂ ਵਿਚ ਸੋਮਵਾਰ ਤੋਂ ਸੀਤ ਲਹਿਰ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਵਿਭਾਗ ਨੇ 20 ਜਨਵਰੀ ਮਗਰੋਂ ਤਾਪਮਾਨ ਵਧਣ ਦਾ ਅਨੁਮਾਨ ਲਾਇਆ ਹੈ। ਦਿੱਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ 21 ਤੋਂ 23 ਜਨਵਰੀ ਤਕ ਠੰਢ ਤੋਂ ਮਾਮੂਲੀ ਰਾਹਤ ਮਿਲ ਸਕਦੀ ਹੈ। 23 ਜਨਵਰੀ ਤੋਂ ਪਛਮੀ ਸਰਦ ਹਵਾਵਾਂ ਦੇ ਮੁੜ ਜ਼ੋਰ ਫੜਨ ਕਾਰਨ ਉੱਤਰ ਅਤੇ ਮੱਧ ਭਾਰਤ ਦੇ ਬਹੁਤੇ ਇਲਾਕਿਆਂ ਵਿਚ 23 ਅਤੇ 24 ਜਨਵਰੀ ਨੂੰ ਸਵੇਰ ਅਤੇ ਰਾਤ ਸਮੇਂ ਸੰਘਣਾ ਕੋਹਰਾ ਪੈ ਸਕਦਾ ਹੈ।