ਸਾਬਕਾ ਫੌਜੀਆਂ ਦੀ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਤੋਂ ਸਰਕਾਰ ਪ੍ਰੇਸ਼ਾਨ, ਫੌਜ ਵਲੋਂ ਐਡਵਾਇਜ਼ਰੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੇਵਾਮੁਕਤੀ ਤੋਂ ਬਾਅਦ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਹਨ ਦੇਸ਼ ਦੇ ਬਹੁਤੇ ਸਾਬਕਾ ਫੌਜੀ

Ex-Servicemen

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹਰ ਵਰਗ ਦਾ ਸਾਥ ਮਿਲ ਰਿਹਾ ਹੈ। ਇਸ ਵਿਚ ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਸਾਬਕਾ ਫੌਜੀਆਂ ਦੇ ਸੰਗਠਨ ਵੀ ਸ਼ਾਮਲ ਹਨ। ਜ਼ਿਆਦਾਤਰ ਸਾਬਕਾ ਫੌਜੀ ਖੇਤੀਬਾੜੀ ਨਾਲ ਜੁੜੇ ਹੋਏ ਹਨ, ਜਿਸ ਕਾਰਨ ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵਿਚਰ ਰਹੇ ਹਨ। ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਅੰਦੋਲਨ ਵਿਚ ਵੱਡੀ ਗਿਣਤੀ ਸਾਬਕਾ ਸੈਨਿਕ, ਫੌਜੀ ਵਰਦੀ ਵਿਚ ਵਿਚਰ ਰਹੇ ਹਨ। ਇਨ੍ਹਾਂ ਸੈਨਿਕਾਂ ਵਲੋਂ ਆਪਣੇ ਤਗਮੇ ਵੀ ਪਹਿਨੇ ਹੋਏ ਆਮ ਵੇਖੇ ਜਾ ਸਕਦੇ ਹਨ। ਦੂਜੇ ਪਾਸੇ ਸਾਬਕਾ ਫੌਜੀਆਂ ਦੀ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਤੋਂ ਸਰਕਾਰ ਚਿੰਤਤ ਹੈ।

ਇਸ ਦੌਰਾਨ ਭਾਰਤੀ ਫੌਜ ਨੇ ਸਾਬਕਾ ਫੌਜੀਆਂ ਦੇ ਮੈਡਲ ਅਤੇ ਰਿਬਨ ਪਹਿਨਣ ਬਾਰੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜ਼ਰੀ ਦੇ ਅਨੁਸਾਰ ਸਾਬਕਾ ਫੌਜੀਆਂ ਵਲੋਂ ਭਾਰਤੀ ਫੌਜ ਦੇ ਮੈਡਲ ਅਤੇ ਰਿਬਨ ਸਿਰਫ ਫੌਜ ਦੇ ਨਿਯਮਾਂ ਤਹਿਤ ਪਹਿਨੇ ਜਾ ਸਕਦੇ ਹਨ। ਫੌਜ ਦੇ ਨਿਯਮਾਂ ਮੁਤਾਬਕ ਸਿਆਸੀ ਰੈਲੀਆਂ ਵਿਚ ਫੌਜੀਆਂ ਜਾਂ ਸਾਬਕਾ ਸੈਨਿਕਾਂ ਨੂੰ ਮੈਡਲ ਜਾਂ ਰਿਬਨ ਪਹਿਨਣ ਦੀ ਆਗਿਆ ਨਹੀਂ ਹੈ।

ਸੈਨਾ ਦੇ ਸੂਤਰਾਂ ਮੁਤਾਬਕ ਫੌਜੀ ਵਰਦੀਆਂ, ਫੌਜੀ ਮੈਡਲ ਜਾਂ ਰਿਬਨ ਕਿਸੇ ਵੀ ਰਾਜਨੀਤਿਕ ਰੈਲੀਆਂ 'ਚ ਸਾਬਕਾ ਸੈਨਿਕਾਂ ਨੂੰ ਨਹੀਂ ਪਹਿਨਣੇ ਚਾਹੀਦੇ। ਭਾਰਤੀ ਸੈਨਾ ਦੇ ਨਿਯਮ ਇਸ ਦੀ ਆਗਿਆ ਨਹੀਂ ਦਿੰਦੇ ਹਨ। ਇਹ ਮਿਲਟਰੀ ਐਡਵਾਈਜ਼ਰੀ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਕਈ ਸਾਬਕਾ ਸੈਨਿਕ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ 'ਚ ਫੌਜੀ ਵਰਦੀਆਂ, ਮੈਡਲ ਅਤੇ ਰਿਬਨ ਨਾਲ ਵੇਖੇ ਗਏ ਹਨ। ਇਸ ਨੂੁੰ ਸਰਕਾਰ ਦੀਆਂ ਮਾਨਸ਼ਾਵਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਕੁਝ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਿਸਾਨ 26 ਜਨਵਰੀ, ਗਣਤੰਤਰ ਦਿਵਸ 'ਤੇ ਆਪਣੀ ਟਰੈਕਟਰ ਪਰੇਡ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੱਢਣਗੇ। ਇਹ ਮੰਨਿਆ ਜਾਂਦਾ ਹੈ ਕਿ ਜੇ ਕਿਸਾਨ ਆਪਣੀ ਟਰੈਕਟਰ ਪਰੇਡ ਕੱਢਦੇ ਹਨ, ਤਾਂ ਅੰਦੋਲਨ 'ਚ ਸ਼ਾਮਲ ਸਾਬਕਾ ਫੌਜੀ ਆਪਣੀ ਵਰਦੀ ਅਤੇ ਮੈਡਰ ਪਹਿਨ ਸਕਦੇ ਹਨ।

ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਕਿਸਾਨੀ ਸੰਘਰਸ਼ ਕੋਈ ਸਿਆਸੀ ਪ੍ਰੋਗਰਾਮ ਤਹਿਤ ਸੰਘਰਸ਼ ਨਹੀਂ ਕਰ ਰਹੇ। ਕਿਸਾਨ ਹੋਂਦ ਦੀ ਲੜਾਈ ਲੜ ਰਹੇ ਹਨ ਅਤੇ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਜ਼ਿਆਦਾਤਰ ਕਿਸਾਨ ਸੇਵਾਮੁਕਤੀ ਤੋਂ ਬਾਅਦ ਖੇਤੀਬਾੜੀ ਕਿੱਤੇ ਨਾਲ ਜੁੜੇ ਹੋਏ ਹਨ। ਜ਼ਿਆਦਾਤਰ ਫੌਜੀ ਕਿਸਾਨ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਖੇਤੀਬਾੜੀ ਉਨ੍ਹਾਂ ਦੇ ਪਿਤਾ-ਪੁਰਖੀ ਕਿੱਤਾ ਹੈ। ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ ਜ਼ਿਆਦਾਤਰ ਲੋਕ ਹੋਂਦ ਦੀ ਲੜਾਈ ਮੰਨਦੇ ਹਨ। ਕਿਸਾਨ ਅੰਦੋਲਨ ਸਿਆਸੀ ਧਿਰਾਂ ਤੋਂ ਦੂਰੀ ਬਣਾ ਕੇ ਚੱਲ ਰਿਹਾ ਹੈ ਅਤੇ ਸਿਆਸੀ ਆਗੂਆਂ ਨੂੰ ਕਿਸਾਨੀ ਸਟੇਜਾਂ ‘ਤੇ ਬੋਲਣ ਤਕ ਨਹੀਂ ਦਿਤਾ ਜਾ ਰਿਹਾ। ਇਸ ਲਈ ਸਾਬਕਾ ਫੌਜੀਆਂ 'ਤੇ ਅਡਵਾਇਜ਼ਰੀ ਲਾਗੂ ਹੁੰਦੀ ਹੈ ਜਾਂ ਨਹੀਂ, ਇਸ 'ਤੇ ਵੀ ਬਹਿਸ਼ ਛਿੜ ਪਈ ਹੈ।