ਲੋਕਸਭਾ: ਉਮੀਦਵਾਰ 3 ਦਿਨ ਕਰ ਸਕਣਗੇ ਹੈਲੀਕਾਪਟਰ ਦਾ ਇਸਤੇਮਾਲ, ਹਰ ਘੰਟੇ ਦਾ ਕਿਰਾਇਆ 70 ਹਜ਼ਾਰ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਲਈ ਵੀ ਗਾਈਡਲਾਈਨਸ ਕੀਤੀਆਂ ਜਾਰੀ

Helicopter

ਅਗਰਤਲਾ : ਲੋਕਸਭਾ ਚੋਣ ਦੇ ਦੌਰਾਨ ਉਮੀਦਵਾਰ ਹੈਲੀਕਾਪਟਰ ਦੀ ਵਰਤੋ ਕੇਵਲ ਤਿੰਨ ਦਿਨ ਲਈ ਹੀ ਕਰ ਸਕਣਗੇ। ਚੋਣ ਕਮਿਸ਼ਨ ਨੇ ਕਿਹਾ ਕਿ ਹੈਲੀਕਾਪਟਰ ਦਾ ਕਿਰਾਇਆ 70,400 ਰੁਪਏ ਪ੍ਰਤੀਘੰਟਾ ਹੋਵੇਗਾ। ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ਲਈ ਵੀ ਗਾਈਡਲਾਈਨਸ ਜਾਰੀ ਕੀਤੀਆਂ ਹਨ। ਸਿੱਕਿਮ ਦੇ ਮੁੱਖ ਚੋਣ ਅਧਿਕਾਰੀ ਆਰ. ਤੇਲੰਗ ਨੇ ਕਿਹਾ, ਕੋਈ ਵਿਅਕਤੀ ਜਾਂ ਸਮੂਹ ਸੋਸ਼ਲ ਮੀਡੀਆ ਉਤੇ ਨਫ਼ਰਤ ਭਰੇ ਬਿਆਨ ਜਾਂ ਭੜਕਾਉ ਫੋਟੋਗਰਾਫ਼ ਪੋਸਟ ਕਰਦਾ ਹੈ ਤਾਂ ਉਸ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ।

ਚੋਣ ਕਮਿਸ਼ਨ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਹੈਲੀਕਾਪਟਰ ਦਿਤੇ ਜਾਣ ਨੂੰ ਲੈ ਕੇ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਵਿਚ ਕਿਸੇ ਤਰ੍ਹਾਂ ਦਾ ਭੇਦਭਾਵ ਨਾ ਕਰੇ। ਸਰਵਿਸ ਦਾ ਕਿਰਾਇਆ ਉਮੀਦਵਾਰ ਜਾਂ ਉਸ ਦੀ ਪਾਰਟੀ ਵਲੋਂ ਦਿਤਾ ਜਾਵੇਗਾ। ਇਸ ਵਿਚ ਕਿਸੇ ਤਰ੍ਹਾਂ ਦੀ ਸਬਸਿਡੀ ਨਾ ਦਿਤੀ ਜਾਵੇ। ਕਮਿਸ਼ਨ ਨੇ ਦੱਸਿਆ ਕਿ ਹੈਲੀਕਾਪਟਰ ਸੇਵਾ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ ਉਤੇ ਦਿਤੀ ਜਾਵੇਗੀ।

ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਜੇਕਰ ਇਕ ਤੋਂ ਜ਼ਿਆਦਾ ਬੇਨਤੀਆਂ ਆਉਂਦੀਆਂ ਹਨ ਤਾਂ ਇਸ ਦਾ ਫ਼ੈਸਲਾ ਲਾਟਰੀ ਦੇ ਮਾਧਿਅਮ ਨਾਲ ਕੀਤਾ ਜਾਵੇਗਾ। ਕਿਸੇ ਵੀ ਉਮੀਦਵਾਰ ਨੂੰ ਲਗਾਤਾਰ ਤਿੰਨ ਦਿਨ ਤੋਂ ਜ਼ਿਆਦਾ ਹੈਲੀਕਾਪਟਰ ਸਰਵਿਸ ਨਹੀਂ ਦਿਤੀ ਜਾਵੇਗੀ। ਤੇਲੰਗ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਨਫ਼ਰਤ ਭਰੇ ਭਾਸ਼ਣ, ਅਪਮਾਨਜਨਕ ਗੱਲਾਂ, ਟਿੱਪਣੀ, ਰਿਪੋਰਟ, ਫੋਟੋਗਰਾਫ਼ ਆਦਿ ਤੋਂ ਪਰਹੇਜ ਕਰੋ। ਇਹ ਗੱਲਾਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨਾਲ-ਨਾਲ ਆਮ ਲੋਕਾਂ ਉਤੇ ਵੀ ਲਾਗੂ ਹੋਣਗੀਆਂ।

ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸਮੂਹ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ ਕਰਦਾ ਹੈ ਤਾਂ ਉਸ ਨੂੰ ਬੇਇੱਜ਼ਤੀ (ਧਾਰਾ 500), ਇਰਾਦਾ ਅਪਮਾਨ (ਧਾਰਾ 504) ਅਤੇ ਪਬਲਿਕ ਸ਼ੋਸ਼ਣ (ਧਾਰਾ 505) ਦਾ ਮੁਲਜ਼ਮ ਮੰਨਿਆ ਜਾਵੇਗਾ। ਅਜਿਹੇ ਵਿਚ ਮੁਲਜ਼ਮ ਨੂੰ ਦੋ, ਤਿੰਨ ਅਤੇ ਪੰਜ ਸਾਲ ਦੀ ਜੇਲ੍ਹ  ਦੇ ਨਾਲ ਜੁਰਮਾਨਾ ਲਗਾਇਆ ਜਾ ਸਕਦਾ ਹੈ।