ਹੁਣ ਪੰਜਾਬ ਕਾਂਗਰਸ ਦੇ ਵਿਧਾਇਕ ਵੀ ਲੜਨਗੇ ਲੋਕਸਭਾ ਚੋਣ, ਬਦਲੀ ਰਣਨੀਤੀ
ਪੰਜਾਬ ਕਾਂਗਰਸ ਅਪਣੇ ਵਿਧਾਇਕਾਂ ਨੂੰ ਲੋਕਸਭਾ ਚੋਣ ਲੜਨ ਦਾ ਮੌਕਾ ਦਵੇਗੀ। ਇਸ ਦੇ ਲਈ ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੂਬੇ ਦੀਆਂ...
ਚੰਡੀਗੜ੍ਹ : ਪੰਜਾਬ ਕਾਂਗਰਸ ਅਪਣੇ ਵਿਧਾਇਕਾਂ ਨੂੰ ਲੋਕਸਭਾ ਚੋਣ ਲੜਨ ਦਾ ਮੌਕਾ ਦਵੇਗੀ। ਇਸ ਦੇ ਲਈ ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੂਬੇ ਦੀਆਂ 13 ਲੋਕਸਭਾ ਸੀਟਾਂ ਦੀ ਸੰਖੇਪ ਸੂਚੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਖ਼ਰੀ ਫ਼ੈਸਲੇ ਲਈ ਭੇਜਣ ਦਾ ਫ਼ੈਸਲਾ ਕੀਤਾ। ਜਾਣਕਾਰੀ ਮੁਤਾਬਕ ਕਾਂਗਰਸ ਦੇ ਸੱਤ ਵਿਧਾਇਕਾਂ ਅਤੇ ਇਕ ਮੰਤਰੀ ਵਲੋਂ ਲੋਕਸਭਾ ਚੋਣ ਲੜਨ ਲਈ ਅਰਜ਼ੀ ਦਿਤੀ ਹੈ ਅਤੇ ਨਾਲ ਹੀ ਕਿਸੇ ਵੀ ਵਿਧਾਇਕ ਦੇ ਚੋਣ ਲੜਨ ਉਤੇ ਵੀ ਪਾਬੰਦੀ ਨਹੀਂ ਹੋਵੇਗੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਿਚ ਸੂਬਾਈ ਚੋਣ ਕਮੇਟੀ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ। ਇਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਦਿਤੇ ਸੁਝਾਅ ਉਤੇ ਅਮਲ ਕਰਦਿਆਂ ਚੋਣ ਕਮੇਟੀ ਨੇ ਕਾਂਗਰਸ ਪ੍ਰਧਾਨ ਨੂੰ ਉਮੀਦਵਾਰਾਂ ਦਾ ਫ਼ੈਸਲਾ ਕਰਨ ਦਾ ਅਧਿਕਾਰ ਦੇਣ ਦੀ ਬਜਾਏ ਉਮੀਦਵਾਰਾਂ ਦੀ ਸੂਚੀ ਭੇਜਣ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕਿਸੇ ਪਾਰਟੀ ਨਾਲ ਚੋਣ ਗੱਠਜੋੜ ਦੀ ਲੋੜ ਨਹੀਂ ਹੈ। ਉਮੀਦਵਾਰਾਂ ਦੀ ਚੋਣ ਦਾ ਆਧਾਰ ਸਿਰਫ਼ ਜਿੱਤ ਹੋਣਾ ਚਾਹੀਦਾ ਹੈ ਇਸ ਲਈ ਪਾਰਟੀ ਨੂੰ ਸਾਰੇ ਹਲਕਿਆਂ ਵਿਚ ਉਹ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਹਨ, ਜਿਹੜੇ ਜਿੱਤ ਸਕਦੇ ਹੋਣ। ਲੋਕਸਭਾ ਚੋਣ ਲੜਨ ਲਈ 180 ਉਮੀਦਵਾਰਾਂ ਨੇ ਅਰਜ਼ੀਆਂ ਦਿਤੀਆਂ ਹਨ ਇਸ ਗੱਲ ਦਾ ਖ਼ੁਲਾਸਾ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕੀਤਾ।