ਕੋਰੋਨਾ ਵਾਇਰਸ ਦੇ ਚਲਦੇ ਬਾਬਾ ਰਾਮਦੇਵ ਨੇ ਕਰ ਦਿੱਤਾ ਵੱਡਾ ਐਲਾਨ...

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤੰਜਲੀ ਆਯੁਰਵੇਦ ਦੇ ਸੰਸਥਾਪਕ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਸੈਨੀਟਾਈਜ਼ਰ ਦੀ ਕਾਲਾਬਜ਼ਾਰੀ ਵਧ ਗਈ ਹੈ।

Photo

ਨਵੀਂ ਦਿੱਲੀ: ਪਤੰਜਲੀ ਆਯੁਰਵੇਦ ਦੇ ਸੰਸਥਾਪਕ ਅਤੇ ਯੋਗ ਗੁਰੂ ਬਾਬਾ ਰਾਮਦੇਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਸੈਨੀਟਾਈਜ਼ਰ ਦੀ ਕਾਲਾਬਜ਼ਾਰੀ ਵਧ ਗਈ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੀ ਸਥਿਤੀ ਨੂੰ ਦੇਖਦੇ ਹੋਏ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਬਰਕਰਾਰ ਹੈ। ਘਿਓ ਅਤੇ ਤੇਲ ਦੀ ਵੀ ਮੰਗ ਵਧ ਗਈ ਹੈ।

ਇਸ ਦੌਰਾਨ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਪਤੰਜਲੀ ਆਯੁਰਵੇਦ ਹੈਂਡ ਸੈਨੀਟਾਈਜ਼ਰ ਦਾ ਉਤਪਾਦਨ ਕਰੇਗੀ। ਬਾਬਾ ਰਾਮਦੇਵ ਨੇ ਐਲਾਨ ਕੀਤਾ ਹੈ ਕਿ 15 ਦਿਨ ਤੋਂ ਲੈ ਕੇ ਮਹੀਨੇ ਭਰ ਅੰਦਰ ਪਤੰਜਲੀ ਦਾ ਆਯੁਰਵੇਦ ਹੈਂਡ ਸੈਨੀਟਾਈਜ਼ਰ ਉਪਲਬਧ ਹੋਵੇਗਾ। ਇਸ ਦੌਰਾਨ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਸੀਂ ਜ਼ਿਆਦਾ ਪ੍ਰਭਾਵਸ਼ਾਲੀ ਸੈਨੀਟਾਈਜ਼ਰ ਤਿਆਰ ਕੀਤਾ ਹੈ।

ਕੋਰੋਨਾ ਵਾਇਰਸ ਦੇ ਖਤਰਿਆਂ ਦੇ ਵਿਚਕਾਰ ਸਾਵਧਾਨੀ ਵਜੋਂ ਹੈਂਡ ਸੈਨੀਟਾਈਜ਼ਰ ਦੀ ਮੰਗ ਵਧ ਗਈ ਹੈ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੁਝ ਹੀ ਦਿਨਾਂ ਵਿਚ ਕਈ ਮਹੀਨਿਆਂ ਦਾ ਸਟਾਕ ਵੇਚ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਦੁਕਾਨਦਾਰ ਮੰਗਾਂ ਨੂੰ ਦੇਖਦੇ ਹੋਏ ਆਮ ਕੀਮਤ ਨਾਲੋਂ ਜ਼ਿਆਦਾ ਕੀਮਤ ‘ਤੇ ਵਿਕਰੀ ਕਰ ਰਹੇ ਹਨ।

ਸ਼ੁੱਕਰਵਾਰ ਨੂੰ ਬਾਬਾ ਰਾਮਦੇਵ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਨੇ ਪਾਮ ਆਇਲ, ਸੋਇਆ ਆਇਲ ਦੀਆਂ ਕੀਮਤਾਂ ਵਿਚ 20 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਨੂੰ ਬਜ਼ਾਰ ਨਹੀਂ ਬਲਕਿ ਪਰਿਵਾਰ ਮੰਨਦੇ ਹਾਂ। ਇਹੀ ਕਾਰਨ ਹੈ ਕਿ ਇਸ ਦੌਰਾਨ ਅਸੀਂ ਸਾਬਣ ਦੀਆਂ ਕੀਮਤਾਂ ਵਿਚ 12.5 ਫੀਸਦੀ ਦੀ ਕਟੌਤੀ ਕੀਤੀ ਹੈ।

ਇਸ ਦੇ ਨਾਲ ਹੀ ਐਲੋਵੇਰਾ, ਹਲਦੀ, ਚੰਦਨ ਦੀਆਂ ਕੀਮਤਾਂ ਵਿਚ ਵੀ ਇੰਨੀ ਹੀ ਕਮੀ ਕੀਤੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਉਹਨਾਂ ਦੀ ਕੰਪਨੀ ਵੱਲੋਂ ਬਜ਼ਾਰ ਵਿਚ ਉਪਲਬਧ ਹੋਣ ਵਾਲਾ ਹੈਂਡ ਸੈਨੀਟਾਇਜ਼ਰ ਵਿਦੇਸ਼ੀ ਕੰਪਨੀਆਂ ਦੀ ਤੁਲਨਾ ਵਿਚ ਸਸਤਾ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਹੋਵੇਗਾ।