ਕੋਰੋਨਾਵਾਇਰਸ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਗਰਮ, ਅੰਧਵਿਸ਼ਵਾਸੀ ਤੇ ਚਮਤਕਾਰੀ ਟੋਟਕਿਆਂ ਦੀ ਆਈ ਹਨੇਰੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਰਕ ਤੇ ਚੀਨੀ-ਪੱਤੀ ਨੂੰ ਉਬਾਲ ਕੇ ਬਣਾਏ ਕਾੜ੍ਹੇ ਨਾਲ ਕੋਰੋਨਾ ਵਾਇਰਸ ਠੀਕ ਹੋਣ ਦਾ ਦਾਅਵਾ

file photo

ਚੰਡੀਗੜ੍ਹ : ਇਕ ਪਾਸੇ ਜਿੱਥੇ ਕਰੋਨਾਵਾਇਰਸ ਦਾ ਪ੍ਰਕੋਪ ਪਲ-ਪਲ ਵਧਦਾ ਜਾ ਰਿਹਾ ਹੈ ਉਥੇ ਹੀ ਇਸ ਸਬੰਧੀ ਅਫ਼ਵਾਹਾਂ ਫ਼ੈਲਾਉਣ ਵਾਲੇ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਸ਼ੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਜ਼ਰੀਏ ਅਜਿਹੇ ਅਨਸਰਾਂ ਵਲੋਂ  ਲੋਕਾਂ 'ਚ ਦਹਿਸ਼ਤ ਅਤੇ ਅੰਧਵਿਸ਼ਵਾਸ ਫ਼ੈਲਾਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ।

ਸ਼ੋਸ਼ਲ ਮੀਡੀਆ 'ਤੇ ਹੀ ਇਕ ਅਜਿਹਾ ਸੁਨੇਹਿਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਸ਼ੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਫ਼ਵਾਹਾਂ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਵਲੋਂ ਇੰਟਰਨੈੱਟ 'ਤੇ ਹੀ ਪਾਬੰਦੀ ਲਗਾਈ ਜਾ ਰਹੀ ਹੈ। ਇਸ ਖ਼ਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਕੀਤੇ ਜਾਣ ਦਾ ਦਾਅਵਾ ਕਰਦਿਆਂ ਲਿਖਿਆ ਗਿਆ ਹੈ ਕਿ  ''ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਵੇਖਦੇ ਹੋਏ ਅਫ਼ਵਾਹਾਂ ਨੂੰ ਰੋਕਣ ਲਈ ਪੰਜਾਬ ਵਿਚ 31 ਮਾਰਚ ਤਕ ਇੰਟਰਨੈੱਟ ਸੇਵਾਵਾਂ ਮੁਲਤਵੀਆਂ ਕੀਤੀਆਂ ਜਾਂਦੀਆਂ ਹਨ ਮਿਤੀ 20/03/2020 ਸ਼ੁੱਕਰਵਾਰ ਰਾਤ 12 ਵਜੇ ਸਾਰੀਆਂ ਇੰਟਰਨੈੱਟ ਕਨੈਕਸ਼ਨ ਬੰਦ ਕੀਤੇ ਜਾ ਰਹੇ ਹਨ।''

ਇਹ ਸੁਨੇਹਾ ਸ਼ੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਜ਼ਰੀਏ ਸ਼ਰਾਰਤੀ ਅਨਸਰਾਂ ਨੇ ਵੱਡੇ ਪੱਧਰ 'ਤੇ ਵਾਇਰਲ ਕੀਤਾ ਹੈ। ਇੱਥੋਂ ਤਕ ਕਿ ਇਸ ਸੁਨੇਹੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਪੱਸ਼ਟੀਕਰਨ ਦੇਣਾ ਪਿਆ ਹੈ। ਉਨ੍ਹਾਂ ਨੇ ਇਸ ਸੁਨੇਹੇ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਬਿਨਾਂ ਪਰਖ ਕੀਤੇ ਕੋਈ ਵੀ ਅਜਿਹੀ ਖ਼ਬਰ ਸ਼ੇਅਰ ਨਾ ਕਰੋ, ਜੋ ਡਰ ਅਤੇ ਸਨਸਨੀ ਪੈਦਾ ਕਰੇ।

ਉਨ੍ਹਾਂ ਅੱਗੇ ਕਿਹਾ ਕਿ ਇਸ ਸੁਨੇਹੇ ਵਿਚਲੀ ਸਾਰੀ ਜਾਣਕਾਰੀ ਝੂਠੀ ਅਤੇ ਗ਼ਲਤ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਅਜਿਹੀਆਂ ਅਫ਼ਵਾਹਾਂ ਫ਼ੈਲਾਅ ਰਹੇ ਹਨ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਸਮਾਂ ਅਫ਼ਵਾਹਾਂ ਫ਼ੈਲਾਉਣ ਦਾ ਨਹੀਂ ਬਲਕਿ ਲੋਕਾਂ ਦੀ ਹਿੰਮਤ ਵਧਾਉਣ ਦਾ ਅਤੇ ਸਹੀ ਜਾਣਕਾਰੀ ਇਕ ਦੂਜੇ ਤਕ ਪਹੁੰਚਣ ਦਾ ਹੈ।

ਇਸੇ ਤਰ੍ਹਾਂ ਸ਼ੁੱਕਰਵਾਰ ਦੀ ਸਵੇਰ ਨੂੰ ਵੱਡੀ ਗਿਣਤੀ 'ਚ ਲੋਕ ਜਿਉਂ ਹੀ ਜਾਗੇ, ਉਨ੍ਹਾਂ ਨੂੰ ਵੈਟਸਐਂਪ ਅਤੇ ਫ਼ੋਨਾਂ ਜ਼ਰੀਏ ਸੁਨੇਹਾ ਆਉਣਾ ਸ਼ੁਰੂ ਹੋ ਗਿਆ। ਇਸ ਸੁਨੇਹੇ ਮੁਤਾਬਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਇਕ ਪ੍ਰਸਿੱਧ ਬਾਬਾ ਜੀ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਨੇ ਅੰਤਿਮ ਸਮੇਂ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਇਕ ਟੋਟਕਾ ਸੁਝਾਇਆ ਹੈ। ਟੋਟਕੇ ਮੁਤਾਬਕ ਅਦਰਕ ਨੂੰ ਕੁੱਟ ਕੇ ਪੱਤੀ ਅਤੇ ਮਿੱਠੇ ਸਮੇਤ ਪਾਣੀ ਵਿਚ ਉਬਾਲਣਾ ਹੈ। ਇਸ ਵਿਚ ਦੁੱਧ ਨਹੀਂ ਪਾਉਣਾ।

ਇਸ ਤਰ੍ਹਾਂ ਬਣੇ ਕਾੜ੍ਹੇ ਨੂੰ ਪੀਣ ਨਾਲ ਕੋਰੋਨਾ ਵਾਇਰਸ ਨਹੀਂ ਹੋਵੇਗਾ। ਇਸ ਟੋਟਕੇ ਸਬੰਧੀ ਅਫ਼ਵਾਹ ਨੂੰ ਹਜ਼ੂਰ ਸਾਹਿਬ ਵਾਲੇ ਬਾਬੇ ਦੇ ਨਾਮ ਨਾਲ ਜੋੜ ਕੇ ਵੱਡੀ ਪੱਧਰ 'ਤੇ ਫ਼ੈਲਾਇਆ ਗਿਆ। ਬਾਅਦ ਵਿਚ ਕੁੱਝ ਅਗਾਂਹਵਧੂ ਵਿਅਕਤੀਆਂ ਵਲੋਂ ਹਜ਼ੂਰ ਸਾਹਿਬ ਵਿਖੇ ਸਥਿਤ ਅਪਣੇ ਸਰੋਤਾਂ ਤੋਂ ਜਾਣਕਾਰੀ ਹਾਸਲ ਕਰਨ ਬਾਅਦ ਇਹ ਅਫ਼ਗਾਹ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਈ। ਜਿਹੜੇ ਬਾਬੇ ਦੇ ਅਕਾਲ ਚਲਾਣੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ, ਉਹ ਪੂਰੀ ਤਰ੍ਹਾਂ ਤੰਦਰੁਸਤ ਨਿਕਲਿਆ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾਵਾਇਰਸ ਦੇ ਟਾਕਰੇ ਲਈ 22 ਮਾਰਚ ਨੂੰ ਐਲਾਨੇ ਗਏ ਇਕ ਦਿਨ ਦੇ 'ਜਨਤਾ ਕਰਫਿਊ' ਬਾਰੇ ਵੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਇਸ ਵਿਚ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਦੇਸ਼ ਦਿੰਦਿਆਂ 22 ਮਾਰਚ ਨੂੰ 'ਜਨਤਾ ਕਰਫਿਊ' ਦਾ ਸੱਦਾ ਦਿਤਾ ਸੀ।

ਇਸ ਸਬੰਧੀ ਅਫ਼ਵਾਹ ਫ਼ੈਲਾਉਣ ਵਾਲਿਆਂ ਨੇ ਲੋਕਾਂ ਨੂੰ 22 ਮਾਰਚ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸ ਦਿਨ ਕੋਰੋਨਾ ਦੀ ਰੋਕਥਾਮ ਲਈ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਸਪਰੇਅ ਕੀਤਾ ਜਾਵੇਗਾ, ਜਿਸ ਦੇ ਸ਼ੋਰ ਤੋਂ ਕੋਈ ਵੀ ਨਾ ਡਰੇ। ਅਜਿਹੀਆਂ ਹੋਰ ਵੀ ਕਈ ਸੁਨੇਹੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਜਿਨ੍ਹਾਂ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਇਸ ਵੱਲ ਸਰਕਾਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਲੋਕਾਂ ਦੇ ਮਨਾਂ 'ਚ ਫ਼ੈਲਾਏ ਜਾ ਰਹੇ ਭਰਮਾਂ ਅਤੇ ਡਰ ਨੂੰ ਦੂਰ ਕੀਤਾ ਜਾ ਸਕੇ।