ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਜਾਰੀ, ਚੰਡੀਗੜ੍ਹ 'ਚ ਪੀੜਤਾਂ ਦੀ ਗਿਣਤੀ ਹੋਈ 4!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਡੀਵੁੱਡ ਦੀ ਪ੍ਰਸਿੱਧ ਗਾਇਕਾ ਕਨਿਕਾ ਕਪੂਰ ਦੀ ਰਿਪੋਰਟ ਵੀ ਆਈ ਪਾਜ਼ੀਟਿਵ

file photo

ਚੰਡੀਗੜ੍ਹ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਤਕ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਅੰਦਰ ਅਪਣੀ ਹਾਜ਼ਰੀ ਲਗਵਾ ਚੁੱਕਾ ਹੈ। ਚੀਨ ਤੋਂ ਬਾਅਦ ਇਟਲੀ ਵਿਚ ਇਸ ਨੇ ਅਪਣਾ ਵਿਕਰਾਲ ਰੂਪ ਵਿਖਾਇਆ ਹੈ। ਹੁਣ ਭਾਰਤ ਅੰਦਰ ਵੀ ਇਸ ਤੋਂ ਪੀੜਤਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ।

ਦੇਸ਼ ਭਰ 'ਚ ਹੁਣ ਤਕ 195 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 20 ਦੇ ਕਰੀਬ ਵਿਅਕਤੀਆਂ ਨੂੰ ਠੀਕ 'ਚ ਸਫ਼ਲਤਾ ਵੀ ਹੱਥ ਲੱਗੀ ਹੈ। ਦੇਸ਼ ਭਰ 'ਚੋਂ ਮਹਾਰਾਸ਼ਟਰ ਅਜਿਹੇ ਸੂਬਾ ਹੈ ਜਿੱਥੇ ਕੋਰੋਨਾਵਾਇਰਸ ਤੋਂ ਪੀੜਤਾਂ ਦੀ ਗਿਣਤੀ ਅੱਧੇ ਸੈਂਕੜੇ ਨੂੰ ਛੂਹਣ ਨੇੜੇ ਪਹੁੰਚਣ ਵਾਲੀ ਹੈ। ਇੱਥੇ 47 ਵਿਅਕਤੀਆਂ ਦੀ ਰਿਪੋਰਟ ਪੋਜ਼ੀਟਿਵ ਆ ਚੁੱਕੀ ਹੈ।

ਕੋਰੋਨਾਵਾਇਰਸ ਦੀ ਲਪੇਟ ਵਿਚ ਆਉਣ ਵਾਲਿਆਂ ਵਿਚ ਕਈ ਪ੍ਰਸਿੱਧ ਹਸਤੀਆਂ ਵੀ ਸ਼ਾਮਲ ਹਨ, ਜਿਨ੍ਹਾਂ 'ਚ ਕੈਨੇਡਾ ਪ੍ਰਧਾਨ ਮੰਤਰੀ ਦੀ ਘਰਵਾਲੀ ਵੀ ਸ਼ਾਮਲ ਹੈ। ਇਸੇ ਤਰ੍ਹਾਂ ਇਰਾਨ ਦੇ ਇਕ ਮੰਤਰੀ ਦੇ ਵੀ ਕਰੋਨਾ ਤੋਂ ਪੀੜਤ ਹੋਣ ਦੀਆਂ ਖ਼ਬਰਾਂ ਮੀਡੀਆਂ 'ਚ ਆਈਆਂ ਹਨ।

ਹੁਣੇ ਹੁਣੇ ਬਾਡੀਵੁੱਡ ਦੀ ਪ੍ਰਸਿੱਧ ਗਾਇਕਾ ਕਨਿਕਾ ਕਪੂਰ ਦੇ ਵੀ ਕੋਰੋਨਾ ਤੋਂ ਪੀੜਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਉਹ ਲੰਡਨ ਤੋਂ ਵਾਪਸ ਆਉਣ ਬਾਅਦ ਪਾਰਟੀਆਂ ਵਿਚ ਵੀ ਸ਼ਾਮਲ ਹੋਏ ਜਿੱਥੇ 500 ਤੋਂ ਵਧੇਰੇ ਲੋਕਾਂ ਦਾ ਇਕੱਠ ਮੌਜੂਦ ਸੀ। ਗਾਇਕਾ ਨੇ ਕਈਆਂ ਨਾਲ ਸੈਲਫ਼ੀਆ ਵੀ ਖਿਚਵਾਈਆਂ ਸਨ। ਇਸ ਪਾਰਟੀ ਵਿਚ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਤਕ ਦੇ ਸ਼ਾਮਲ ਹੋਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ।

ਚੰਡੀਗੜ੍ਹ ਵਿਚ ਵੀ ਕੋਰੋਨਾਵਾਇਰਸ ਪੀੜਤਾਂ ਦੀ ਗਿਣਛੀ ਚਾਰ ਤਕ ਪਹੁੰਚ ਗਈ ਹੈ। ਪਹਿਲਾਂ ਚੰਡੀਗੜ੍ਹ 'ਚ ਇਕ ਲੜਕੀ ਦੇ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟ ਹੋਈ ਸੀ, ਪਰ ਹੁਣ ਸੂਤਰਾਂ ਤੋਂ ਹਵਾਲੇ ਨਾਲ ਆ ਰਹੀਆਂ ਮੁਤਾਬਕ ਲੜਕੀ ਦੀ ਮਾਂ ਭੈਣ ਅਤੇ ਨੌਕਰ ਦੀ ਰਿਪੋਰਟ ਵੀ ਕੋਰੋਨਾ ਤੋਂ ਪਾਜ਼ੀਟਿਵ ਆਈ ਹੈ। ਭਾਵੇਂ ਇਸ ਬਾਰੇ ਅਜੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ ਪਰ ਫਿਰ ਵੀ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ ਲੋਕਾਂ ਨੂੰ ਹੋਰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ।

ਕੋਰੋਨਾਵਾਇਰਸ ਤੋਂ ਬਚਾਓ ਸਬੰਧੀ ਸੋਸ਼ਲ ਅਤੇ ਦੂਸਰੇ ਮੀਡੀਆ ਸਰੋਤਾਂ ਰਾਹੀਂ ਵੱਡੀ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਚੰਡੀਗੜ੍ਹ ਦੀਆਂ ਸੜਕਾਂ 'ਤੇ ਘੁੰਮਿਆਂ ਮਹਿਸੂਸ ਹੀ ਨਹੀਂ ਹੁੰਦਾ ਕਿ ਇੱਥੇ ਕੋਰੋਨਾ ਵਾਇਰਸ ਨੂੰ ਲੈ ਕੇ ਐਮਰਜੰਸੀ ਹਾਲਾਤ ਬਣੇ ਹੋਏ ਹਨ। ਭੀੜ ਭਾਵੇਂ ਆਮ ਦਿਨਾਂ ਨਾਲੋਂ ਕੁੱਝ ਘੱਟ ਜ਼ਰੂਰ ਹੈ, ਪਰ ਉਹ ਵੀ ਵਿੱਦਿਅਕ ਅਦਾਰਿਆਂ ਅਤੇ ਕੁੱਝ ਕੰਮ ਥਾਵਾਂ ਬੰਦ ਹੋਣ ਕਾਰਨ ਹੀ ਘਟੀ ਜਾਪਦੀ ਹੈ।

ਪੀਜੀਆਈ ਵਰਗੇ ਸਿਹਤ ਅਦਾਰੇ ਜਿੱਥੇ ਓਪੀਡੀ ਤਕ ਬੰਦ ਕਰ ਦਿਤੀ ਗਈ ਹੈ, ਪਰ ਉਥੇ ਵੀ ਭੀੜ ਕਾਫ਼ੀ ਗਿਣਤੀ 'ਚ ਮੌਜੂਦ ਹੈ। ਇਨ੍ਹਾਂ ਭੀੜਾਂ ਵਿਚ ਮੂੰਹ 'ਤੇ ਮਾਸਕ ਬਗ਼ੈਰਾ ਲਾ ਕੇ ਚੱਲਣ ਵਾਲਿਆਂ ਦੀ ਗਿਣਤੀ ਕਾਫ਼ੀ ਘੱਟ ਹੈ ਜਦਕਿ ਜ਼ਿਆਦਾਤਰ ਲੋਕ ਆਮ ਵਾਂਗ ਹੀ ਵਿਚਰ ਰਹੇ ਹਨ। ਲੋਕਾਂ ਨੂੰ ਪੀਜੀਆਈ ਅੰਦਰ ਆਉਣ ਤੋਂ ਰੋਕਣ ਲਈ ਸਕਿਊਰਟੀ ਸਟਾਫ਼ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ।

ਪੀਜੀਆਈ ਵਿਚੋਂ ਵੱਡੀ ਗਿਣਤੀ ਮਰੀਜ਼ਾਂ ਜਿਨ੍ਹਾਂ ਦਾ ਘਰ ਅੰਦਰ ਵੀ ਇਲਾਜ ਹੋ ਸਕਦਾ ਹੈ, ਉਨ੍ਹਾਂ ਨੂੰ ਮੁਢਲੀ ਸਹਾਇਤਾ ਬਾਅਦ ਐਮਰਜੰਸੀ ਵਿਚੋਂ ਵਾਪਸ ਵੀ ਭੇਜਿਆ ਜਾ ਰਿਹਾ ਹੈ। ਪਰ ਇਸ ਨੂੰ ਲੈ ਕੇ ਵੀ ਕਈ ਲੋਕ ਸਟਾਫ਼ ਨਾਲ ਬਹਿਸ਼ਬਾਜ਼ੀ ਵੀ ਕਰਦੇ ਵੇਖੇ ਗਏ। ਕੋਰੋਨਾਵਾਇਰਸ ਦੇ ਵਧਦੇ ਪ੍ਰਕੋਪ ਨੂੰ ਠੱਲ੍ਹਣ ਲਈ ਲੋਕਾਂ 'ਚ ਹੋਰ ਜਾਗਰੂਕਤਾ ਦੀ ਲੋੜ ਹੈ, ਜਿਸ ਬਾਰੇ ਪ੍ਰਸ਼ਾਸਨ ਅਤੇ ਮੀਡੀਆ ਅਦਾਰੇ ਸਰਗਰਮ ਹਨ।