ਦੁਨੀਆਂ ਦੇ 50 ਸਭ ਤੋਂ ਵੱਧ ਗੰਦੀ ਆਬੋ-ਹਵਾ ਵਾਲੇ ਸ਼ਹਿਰਾਂ ਦੀ ਸੂਚੀ 'ਚ ਭਾਰਤ ਦੇ 35 ਸ਼ਹਿਰ
ਵਰਲਡ ਏਅਰ ਕੁਆਲਿਟੀ ਰਿਪੋਰਟ 2020 ਦਾ ਦਾਅਵਾ
ਨਵੀਂ ਦਿੱਲੀ: ਵਰਲਡ ਏਅਰ ਕੁਆਲਿਟੀ ਰਿਪੋਰਟ 2020 (World Air Quality Report 2020) ਅਨੁਸਾਰ ਦੁਨੀਆਂ ਦੇ 50 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ 35 ਸ਼ਹਿਰ ਭਾਰਤ ਦੇ ਹਨ। ਇਸ ਦੇ ਨਾਲ ਹੀ ਭਾਰਤ ਦੀ ਰਾਜਧਾਨੀ ਦਿੱਲੀ ਦੁਨੀਆਂ ਦੀਆਂ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀਆਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਹੈ। ਹਾਲਾਂਕਿ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ 2019 ਦੇ ਮੁਕਾਬਲੇ 2020 ਵਿਚ ਦਿੱਲੀ ਦੀ ਹਵਾ ਗੁਣਵੱਤਾ ਵਿਚ ਸੁਧਾਰ ਹੋਇਆ ਹੈ।
ਰਿਪੋਰਟ ਮੁਤਾਬਕ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਚੀਨ ਦਾ ਸ਼ਿਜਿਆਂਗ ਹੈ। ਉਸ ਤੋਂ ਬਾਅਦ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਗਾਜ਼ੀਆਬਾਦ ਦੂਜੇ ਸਥਾਨ ’ਤੇ ਹੈ। ਪੰਜਾਬ ਦਾ ਫਤਹਿਗੜ੍ਹ ਸਾਹਿਬ ਵੀ ਦੇਸ਼ ਦੇ 35 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ੁਮਾਰ ਹੈ। 50 ਗੰਦੀ ਆਬੋ-ਹਵਾ ਵਾਲੇ ਸ਼ਹਿਰਾਂ ਵਿਚ ਪੰਜਾਬ ਦੇ ਇਸ ਸ਼ਹਿਰ ਦਾ ਦਰਜਾ 38ਵੇਂ ਨੰਬਰ 'ਤੇ ਹੈ।
ਭਾਰਤ ਵਿਚ 35 ਪ੍ਰਦੂਸ਼ਿਤ ਸ਼ਹਿਰਾਂ ਦੇ ਨਾਂਅ
ਦੁਨੀਆਂ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿਚ ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਲਾਵਾ ਬੁਲੰਦਸ਼ਹਿਰ, ਬਿਸਰਖ ਜਲਾਲਪੁਰ, ਨੋਇਡਾ, ਗ੍ਰੇਟਰ ਨੋਇਡਾ, ਕਾਨਪੁਰ, ਲਖਨਊ, ਮੇਰਠ, ਆਗਰਾ ਅਤੇ ਮੁਜ਼ੱਫਰਨਗਰ ਸ਼ਹਿਰ ਸ਼ਾਮਲ ਹਨ।
ਇਸ ਤੋਂ ਇਲਾਵਾ ਸੂਚੀ ਵਿਚ ਰਾਜਸਥਾਨ ਦੇ ਭਿਵਾਨੀ, ਜੋਧਪੁਰ ਦਾ ਨਾਂਅ ਵੀ ਸ਼ਾਮਲ ਹੈ। ਹਰਿਆਣਾ ਵਿਚ ਫਰੀਦਾਬਾਰ, ਜੀਂਦ, ਹਿਸਾਰ, ਫਤਿਹਾਬਾਦ, ਬੰਧਵਾੜੀ, ਗੁਰੂਗ੍ਰਾਮ, ਯਮੁਨਾਨਗਰ, ਰੋਹਤਕ ਅਤੇ ਧਾਰੂਹੇੜਾ, ਕੁਰੂਕਸ਼ੇਤਰ, ਕੈਮਲਾ, ਕੁਟਿਲ ਸ਼ਹਿਰ ਵੀ ਇਸ ਸੂਚੀ ਵਿਚ ਸ਼ਾਮਲ ਹਨ।
ਬਿਹਾਰ ਦੇ ਮੁਜ਼ੱਫਰਪੁਰ ਅਤੇ ਪਟਨਾ, ਮੱਧ ਪ੍ਰਦੇਸ਼ ਦੇ ਸਿੰਗਰੌਲੀ, ਓਡੀਸ਼ਾ ਦੇ ਬੇਲਪਹਰ, ਤੇਲੰਗਾਨਾ ਦੇ ਆਲਮਪੁਰ, ਗੁਜਰਾਤ ਦੇ ਵਾਪੀ, ਪੰਜਾਬ ਦੇ ਫਤਹਿਗੜ੍ਹ ਸਾਹਿਬ, ਅਸਾਮ ਦੇ ਗੁਵਾਹਟੀ, ਮੱਧ ਪ੍ਰਦੇਸ਼ ਦੇ ਗਵਾਲੀਅਰ ਆਦਿ ਸ਼ਹਿਰਾਂ ਦੇ ਨਾਂਅ ਵੀ ਸੂਚੀ ਵਿਚ ਸ਼ਾਮਲ ਹਨ। ਦੱਸ ਦਈਏ ਕਿ ਦੁਨੀਆਂ ਦੇ 50 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਚੀਨ ਅਤੇ ਭਾਰਤ ਤੋਂ ਇਲਾਵਾ ਬੰਗਲਾਦੇਸ਼, ਇੰਡੋਨੇਸ਼ੀਆ ਤੇ ਪਾਕਿਸਤਾਨ ਦੇ ਸ਼ਹਿਰ ਵੀ ਸ਼ਾਮਲ ਹਨ।